ਬੰਗਾ ’ਚ ਡੇਂਗੂ ਦੇ ਮਰੀਜ਼ ਆਏ ਸਾਹਮਣੇ

09/17/2018 1:34:12 AM

 ਬੰਗਾ,   (ਚਮਨ ਲਾਲ/ਰਾਕੇਸ਼)–  ਆਸ-ਪਾਸ ਦੇ ਸ਼ਹਿਰਾਂ ਵਿਚ ਫੈਲੇ ਡੇਂਗੂ ਦੇ ਮੱਛਰ ਨੇ ਹੁਣ ਬੰਗਾ ਸ਼ਹਿਰ ਵਿਚ ਵੀ ਆਪਣਾ ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਦੋ ਤੋਂ ਤਿੰਨ ਡੇਂਗੂ ਨਾਲ ਪੀਡ਼ਤ ਵਿਅਕਤੀ ਸਾਹਮਣੇ ਆਏ ਹਨ ਪਰ ਇਸ ਤੋਂ ਇਹ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਡੇਂਗੂ ਦਾ ਮੱਛਰ ਆਪਣਾ ਡੰਗ ਤੇਜ਼ ਕਰ ਕੇ ਹੋਰ ਵਿਅਕਤੀਆਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ।
 ਬੰਗਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਪ੍ਰਿਤਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਦੋ-ਤਿੰਨ ਦਿਨਾਂ ਤੋਂ ਹਲਕਾ ਬੁਖਾਰ ਸੀ ਤੇ ਉਸਨੇ ਡਾਕਟਰੀ ਸਲਾਹ ਨਾਲ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਪਰ ਉਸਦਾ ਬੁਖਾਰ ਤੇਜ਼ ਹੁੰਦਾ ਗਿਆ ਤੇ ਸਰੀਰਕ ਕਮਜ਼ੋਰੀ ਵੀ ਹੁੰਦੀ ਗਈ। ਜਦੋਂ ਡਾਕਟਰ ਦੁਆਰਾ ਉਸਦੇ ਖੂਨ ਦੇ ਟੈਸਟ ਕੀਤੇ ਗਏ  ਤਾਂ ਉਸਦੇ ਸਰੀਰ ਦੇ ਸੈੱਲ ਘੱਟ ਨਿਕਲੇ ਅਤੇ ਡੇਂਗੂ  ਪਾਜ਼ੀਟਿਵ ਪਾਇਆ ਗਿਆ। ਇਸੇ ਤਰ੍ਹਾਂ ਹੀ ਬੰਗਾ ਦੇ ਮੁਹੱਲਾ ਚਬੂਤਰਾ ਨਿਵਾਸੀ ਇਕ ਜਨਰਲ ਸਟੋਰ ਦੀ ਦੁਕਾਨ ਕਰਦੇ ਵਿਅਕਤੀ ਤੇ ਸਥਾਨਕ ਰੇਲਵੇ ਰੋਡ ਰਹਿੰਦੇ ਇਕ  ਵਿਅਕਤੀ  ਨੂੰ ਵੀ ਡੇਂਗੂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਕਿ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
 ਕੀ ਕਹਿਣੈ ਨਿੱਜੀ ਹਸਪਤਾਲ ਦੇ ਡਾਕਟਰ ਦਾ : ਜਦੋਂ ਡੇਂਗੂ ਦੇ ਮਰੀਜ਼ ਬਾਰੇ ਡਾ. ਸੁਭਾਸ਼ ਚੰਦਰ ਧੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਪਰੋਕਤ ਮਰੀਜ਼ ਬੀਤੇ ਦਿਨ ਤੋਂ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ ਹੈ, ਜੋ  ਡੇਂਗੂ  ਤੋਂ ਪੀਡ਼ਤ ਹੈ। ਜਿਸ ਸਮੇਂ ਉਸਨੂੰ ਦਾਖਲ ਕੀਤਾ ਗਿਆ ਸੀ ਤਾ ਉਸਦੇ ਸੈੱਲਾਂ ਦੀ ਗਿਣਤੀ 36000 ਦੇ ਕਰੀਬ ਸੀ, ਜੋ ਹੁਣ ਵਧਣੀ ਸ਼ੁਰੂ ਹੋ ਗਈ ਹੈ।
 


Related News