ਚੂਹਿਆਂ ਦੇ ''ਹੁੜਦੰਗ'' ਨਾਲ ਹਸਪਤਾਲਾਂ ਦੇ ਮਰੀਜ਼ ਤੱਕ ਸੁਰੱਖਿਅਤ ਨਹੀਂ

Tuesday, Apr 09, 2024 - 04:20 AM (IST)

ਚੂਹਿਆਂ ਦੇ ''ਹੁੜਦੰਗ'' ਨਾਲ ਹਸਪਤਾਲਾਂ ਦੇ ਮਰੀਜ਼ ਤੱਕ ਸੁਰੱਖਿਅਤ ਨਹੀਂ

ਦੇਸ਼ ’ਚ ਚੂਹਿਆਂ ਨੇ ਹੁੜਦੰਗ ਮਚਾਇਆ ਹੋਇਆ ਹੈ। ਇਥੋਂ ਤੱਕ ਕਿ ਚੂਹੇ ਹਸਪਤਾਲਾਂ ’ਚ ਇਲਾਜ ਅਧੀਨ ਮਰੀਜ਼ਾਂ ਤੱਕ ਲਈ ਖਤਰਾ ਬਣ ਰਹੇ ਹਨ, ਜੋ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 14 ਨਵੰਬਰ, 2023 ਨੂੰ ਚੇਨਈ (ਤਮਿਲਨਾਡੂ) ਸਥਿਤ ਸਰਕਾਰੀ ‘ਸਟੈਨਲੀ ਮੈਡੀਕਲ ਕਾਲਜ ਅਤੇ ਹਸਪਤਾਲ’ ਦੀ ਕੰਟੀਨ ਦੇ ਵਾਇਰਲ ਵੀਡੀਓ ’ਚ ਇਕ ਚੂਹੇ ਨੂੰ ਪਕੌੜੇ ਖਾਂਦੇ ਅਤੇ ਖਾਧ ਪਦਾਰਥਾਂ ਵਾਲੇ ਰੈਕ ’ਚ ਭੱਜਦੇ ਹੋਏ ਦੇਖਿਆ ਗਿਆ।

* 26 ਦਸੰਬਰ, 2023 ਨੂੰ ਰਾਮਪੁਰ (ਉੱਤਰ ਪ੍ਰਦੇਸ਼) ਦੇ ਜ਼ਿਲ੍ਹਾ ਹਸਪਤਾਲ ਦੇ ਵਾਇਰਲ ਹੋਏ ਇਕ ਵੀਡੀਓ ’ਚ ਚੂਹੇ ਹਸਪਤਾਲ ’ਚ ਭਰਤੀ ਰੋਗੀਆਂ ਦੇ ਨੇੜੇ ਘੁੰਮਦੇ ਅਤੇ ਮੇਜ਼ ’ਤੇ ਰੱਖੀਆਂ ਉਨ੍ਹਾਂ ਦੀਆਂ ਚੀਜ਼ਾਂ ਨੂੰ ਖਾਂਦੇ ਹੋਏ ਨਜ਼ਰ ਆਏ। ਇਹੀ ਨਹੀਂ, ਚੂਹੇ ਇਕ ਰੋਗੀ ਦੇ ਬੈੱਡ ’ਤੇ ਪਹੁੰਚ ਕੇ ਉਸ ਦੇ ਆਲੇ-ਦੁਆਲੇ ਘੁੰਮਦੇ ਦਿਖਾਈ ਦੇ ਰਹੇ ਸਨ।

* 18 ਜਨਵਰੀ, 2024 ਨੂੰ ਇਲਾਹਾਬਾਦ (ਉੱਤਰ ਪ੍ਰਦੇਸ਼) ਹਾਈਕੋਰਟ ਨੇ ਪ੍ਰਯਾਗਰਾਜ ਦੇ ‘ਸਵਰੂਪ ਰਾਣੀ ਨਹਿਰੂ ਹਸਪਤਾਲ’ ’ਚ ਚੂਹਿਆਂ ਦੇ ਹੁੜਦੰਗ ਸਬੰਧੀ ਖਬਰ ਦਾ ਖੁਦ ਨੋਟਿਸ ਲੈਂਦੇ ਹੋਏ ਇਸ ਸਬੰਧ ’ਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ।

ਦੱਸਿਆ ਜਾਂਦਾ ਹੈ ਕਿ ਹਸਪਤਾਲ ਦੇ ਦਵਾਈਆਂ ਦੇ ਸਟੋਰ ਤੋਂ ਲੈ ਕੇ ਬੇਸਮੈਂਟ ਅਤੇ ਵਾਰਡਾਂ ਤੱਕ ਚੂਹਿਆਂ ਨੇ ਹੁੜਦੰਗ ਮਚਾਇਆ ਹੋਇਆ ਹੈ। ਚੂਹੇ ਮਰੀਜ਼ਾਂ ਲਈ ਰੱਖੀਆਂ ਗਈਆਂ ਦਵਾਈਆਂ ਅਤੇ ਗੁਲੂਕੋਜ਼ ਦੀਆਂ ਬੋਤਲਾਂ ਤੱਕ ਨੂੰ ਕੁਤਰ ਕੇ ਹਜ਼ਮ ਕਰ ਰਹੇ ਹਨ ਅਤੇ ਹਰ ਸਾਲ ਲੱਖਾਂ ਰੁਪਈਆਂ ਦੀਆਂ ਦਵਾਈਆਂ ਨਸ਼ਟ ਕਰ ਰਹੇ ਹਨ।

* 2 ਫਰਵਰੀ, 2024 ਨੂੰ ਦਾਂਤੇਵਾੜਾ (ਛੱਤੀਸਗੜ੍ਹ) ਜ਼ਿਲਾ ਹਸਪਤਾਲ ਦੇ ਪ੍ਰਸੂਤਾ ਵਾਰਡ ਨਾਲ ਸਬੰਧਤ ਰਿਪੋਰਟ ’ਚ ਦੱਸਿਆ ਗਿਆ ਕਿ ਉੱਥੇ ਵੱਡੀ ਗਿਣਤੀ ’ਚ ਚੂਹੇ ਘੁੰਮਦੇ ਰਹਿੰਦੇ ਹਨ। ਚੂਹਿਆਂ ਵੱਲੋਂ ਬੱਚਿਆਂ ਨੂੰ ਕੱਟਣ ਦੇ ਡਰ ਕਾਰਨ ਰੋਗੀਆਂ ਦੇ ਤੀਮਾਰਦਾਰਾਂ ਨੂੰ ਰਾਤ ਨੂੰ ਜਾਗਣਾ ਪੈਂਦਾ ਹੈ। ਚੂਹੇ ਤੀਮਾਰਦਾਰਾਂ ਦੇ ਝੋਲਿਆਂ ਤੱਕ ’ਚ ਵੜ ਜਾਂਦੇ ਹਨ।

* 10 ਫਰਵਰੀ, 2024 ਨੂੰ ਕਾਨਪੁਰ (ਉੱਤਰ ਪ੍ਰਦੇਸ਼) ਸਥਿਤ ‘ਉਰਸਲਾ ਹਾਰਸਮੈਨ ਮੈਮੋਰੀਅਲ ਹਸਪਤਾਲ’ ਦੇ ਓ.ਪੀ.ਡੀ. ਭਵਨ ਦੀ ਬੇਸਮੈਂਟ ’ਚ ਲੱਗੀ 25 ਲੱਖ ਰੁਪਏ ਮੁੱਲ ਦੀ ਡਿਜੀਟਲ ਐਕਸ-ਰੇਅ ਮਸ਼ੀਨ ਦੇ ਅੰਦਰ ਵੜ ਕੇ ਚੂਹਿਆਂ ਨੇ ਕਈ ਤਾਰਾਂ ਨੂੰ ਕੁਤਰ ਦਿੱਤਾ, ਜਿਸ ਨਾਲ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਚੂਹੇ ਹਸਪਤਾਲ ’ਚ ਕਈ ਮੈਡੀਕਲ ਉਪਕਰਨ ਕੁਤਰ ਕੇ ਖਰਾਬ ਕਰ ਚੁੱਕੇ ਹਨ।

* 11 ਫਰਵਰੀ, 2024 ਨੂੰ ਹੈਦਰਾਬਾਦ ’ਚ ‘ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ’ ਦੇ ਇਨਟੈਂਸਿਵ ਕੇਅਰ ਯੂਨਿਟ ’ਚ ਸਰਜਰੀ ਪਿੱਛੋਂ ਬੇਹੋਸ਼ੀ ਦੀ ਹਾਲਤ ’ਚ ਪਏ ਇਲਾਜ ਅਧੀਨ ਇਕ ਰੋਗੀ ਦੇ ਸੱਜੇ ਹੱਥ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਚੂਹਿਆਂ ਨੇ ਕੱਟ ਦਿੱਤਾ।

* 2 ਅਪ੍ਰੈਲ ਨੂੰ ਪੁਣੇ (ਮਹਾਰਾਸ਼ਟਰ) ਸਥਿਤ ‘ਸਸੂਨ ਹਸਪਤਾਲ’ ਦੇ ਆਈ.ਸੀ.ਯੂ. ਵਾਰਡ ’ਚ ਇਲਾਜ ਅਧੀਨ ਇਕ ਰੋਗੀ ਦੀ ਚੂਹੇ ਦੇ ਕੱਟਣ ਨਾਲ ਮੌਤ ਪਿੱਛੋਂ ਰੌਲਾ ਪੈ ਗਿਆ ਅਤੇ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।

* 5 ਅਪ੍ਰੈਲ ਨੂੰ ਵਾਇਰਲ ਹੋਏ ਲੁਧਿਆਣਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਵੀਡੀਓ ’ਚ ਹਸਪਤਾਲ ਦੀ ਕੰਧ ’ਚ ਬਣੀ ਖੁੱਡ ’ਚੋਂ ਵੱਡੀ ਗਿਣਤੀ ’ਚ ਚੂਹੇ ਬਾਹਰ ਨਿਕਲਦੇ ਅਤੇ ਰੋਗੀਆਂ ਦੇ ਬੈੱਡਾਂ ’ਤੇ ਟੱਪਦੇ ਦਿਖਾਈ ਦੇ ਰਹੇ ਸਨ। ਰੋਗੀਆਂ ਦਾ ਕਹਿਣਾ ਹੈ ਕਿ ਚੂਹਿਆਂ ਦੇ ਡਰ ਕਾਰਨ ਉਨ੍ਹਾਂ ਨੂੰ ਰਾਤ ਜਾਗ ਕੇ ਬਿਤਾਉਣੀ ਪੈਂਦੀ ਹੈ।

ਹਸਪਤਾਲ ’ਚ ਚੂਹਿਆਂ ਦੇ ਹੁੜਦੰਗ ਦਾ ਖੁਦ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਸਕੱਤਰ ਸਿਹਤ, ਸਿਵਲ ਸਰਜਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੋਲੋਂ ਇਸ ਸਬੰਧ ’ਚ 22 ਮਈ ਤੋਂ ਪਹਿਲਾਂ ਰਿਪੋਰਟ ਮੰਗੀ ਹੈ ਅਤੇ ਇਸ ਬਾਰੇ ਵਾਇਰਲ ਖਬਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ :

‘‘ਹਸਪਤਾਲ ’ਚ ਰਾਤ-ਦਿਨ 60 ਤੋਂ 80 ਤੱਕ ਚੂਹੇ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਹ ਚੂਹੇ ਰੋਗੀਆਂ ਦੇ ਕੰਬਲ ਖਿੱਚ ਕੇ, ਭਾਂਡਿਆਂ ’ਚ ਰੱਖਿਆ ਭੋਜਨ ਖਾ ਕੇ, ਰੋਗੀਆਂ ਨੂੰ ਕੱਟ ਕੇ ਅਤੇ ਛੱਤ ਨੂੰ ਕੁਤਰ ਕੇ ਗੰਦਗੀ ਅਤੇ ਬੀਮਾਰੀਆਂ ਫੈਲਾਅ ਰਹੇ ਹਨ।’’

ਉਕਤ ਘਟਨਾਕ੍ਰਮ ਦੇ ਨਜ਼ਰੀਏ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਹਸਪਤਾਲਾਂ ’ਚ ਚੂਹਿਆਂ ਦੇ ਵਧਣ-ਫੁੱਲਣ ਅਤੇ ਹੁੜਦੰਗ ਲਈ ਜਿੱਥੇ ਇਨ੍ਹਾਂ ਦਾ ਪ੍ਰਬੰਧਨ ਜ਼ਿੰਮੇਵਾਰ ਹੈ, ਉੱਥੇ ਹੀ ਕਿਸੇ ਹੱਦ ਤੱਕ ਇਸ ਲਈ ਹਸਪਤਾਲਾਂ ’ਚ ਇਲਾਜ ਅਧੀਨ ਮਰੀਜ਼ ਅਤੇ ਉਨ੍ਹਾਂ ਦੇ ਤੀਮਾਰਦਾਰ ਵੀ ਜ਼ਿੰਮੇਵਾਰ ਹਨ, ਜੋ ਖਾਣਾ ਖਾਣ ਪਿੱਛੋਂ ਬਚਿਆ-ਖੁਚਿਆ ਭੋਜਨ ਢੰਗ ਨਾਲ ਟਿਕਾਣੇ ਲਾਉਣ ਦੀ ਥਾਂ ਇੱਧਰ-ਓਧਰ ਸੁੱਟ ਦਿੰਦੇ ਹਨ, ਜੋ ਚੂਹਿਆਂ ਨੂੰ ਵਾਰਡਾਂ ’ਚ ਖਿੱਚ ਲਿਆਉਂਦਾ ਹੈ।

ਇਹ ਤਾਂ ਚੂਹਿਆਂ ਦੇ ਹੁੜਦੰਗ ਨਾਲ ਗ੍ਰਸਤ ਕੁਝ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਦੀਆਂ ਚੰਦ ਉਦਾਹਰਣਾਂ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਵੀ ਕਈ ਹਸਪਤਾਲ ਹਨ, ਜਿਨ੍ਹਾਂ ’ਚ ਚੂਹਿਆਂ ਨੇ ਹੁੜਦੰਗ ਮਚਾਇਆ ਹੋਇਆ ਹੈ, ਇਸ ਲਈ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਚੂਹਿਆਂ ਨੂੰ ਮਾਰਨ ਅਤੇ ਭਜਾਉਣ ਲਈ ਦਵਾ ਦੀਆਂ ਗੋਲੀਆਂ ਪਾਉਣ ਅਤੇ ਚੂਹਿਆਂ ਨੂੰ ਫੜਨ ਲਈ ਚੂਹੇਦਾਨੀਆਂ ਲਾਉਣ ਦੀ ਤੁਰੰਤ ਲੋੜ ਹੈ। ਅਜਿਹਾ ਕਰ ਕੇ ਹੀ ਹਸਪਤਾਲਾਂ ਨੂੰ ਇਨ੍ਹਾਂ ਦੇ ਹੁੜਦੰਗ ਤੋਂ ਕਿਸੇ ਹੱਦ ਤੱਕ ਮੁਕਤੀ ਦਿਵਾਈ ਜਾ ਸਕੇਗੀ।

-ਵਿਜੇ ਕੁਮਾਰ


author

Harpreet SIngh

Content Editor

Related News