ਕੁੜੀ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲੱਗਣ ਤੋਂ ਗੁੱਸੇ ’ਚ ਆਏ ਨੌਜਵਾਨ ਨੇ ਲਿਆ ਫ਼ਾਹਾ
Tuesday, Apr 09, 2024 - 12:07 PM (IST)
 
            
            ਲੁਧਿਆਣਾ (ਗੌਤਮ) : ਢੋਲੇਵਾਲ ਨੇੜੇ ਸਥਿਤ ਗੁਰੂ ਅਰਜਨ ਦੇਵ ’ਚ ਇਕ ਨੌਜਵਾਨ ਨੇ ਫ਼ਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮਰਨ ਵਾਲੇ ਨੌਜਵਾਨ ਦੀ ਪਛਾਣ ਦੀਪਕ (20) ਵਜੋਂ ਕੀਤੀ ਹੈ। ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਹਾਦਸਾ ਸਥਾਨ ਦਾ ਮੁਆਇਨਾ ਕਰਨ ’ਤੇ ਕੋਈ ਵੀ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।
ਜਾਂਚ ਅਧਿਕਾਰੀ ਅਨੁਸਾਰ ਉਸ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਇਸੇ ਇਲਾਕੇ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਸ਼ੱਕ ਸੀ ਕਿ ਦੀਪਕ ਉਨ੍ਹਾਂ ਦੀ ਬੇਟੀ ਨੂੰ ਤੰਗ-ਪਰੇਸ਼ਾਨ ਕਰਦਾ ਹੈ।
ਇਸੇ ਗੱਲ ਦੀ ਸ਼ਿਕਾਇਤ ਕਰਨ ਲਈ ਲੜਕੀ ਦੇ ਪਰਿਵਾਰ ਦੇ ਲੋਕ ਉਸ ਦੇ ਘਰ ਆ ਗਏ ਅਤੇ ਉਸ ਨੂੰ ਪਰਿਵਾਰ ਦੇ ਸਾਹਮਣੇ ਹੀ ਭਲਾ-ਬੁਰਾ ਕਹਿੰਦੇ ਹੋਏ ਧਮਕੀਆਂ ਦਿੱਤੀਆਂ। ਉਨ੍ਹਾਂ ਦੇ ਜਾਣ ਤੋਂ ਬਾਅਦ ਦੀਪਕ ਆਪਣੇ ਕਮਰੇ ਵਿਚ ਚਲਾ ਗਿਆ। ਜਦ ਵਾਪਸ ਨਾ ਆਇਆ ਤਾਂ ਉਹ ਉਸ ਨੂੰ ਦੇਖਣ ਲਈ ਕਮਰੇ ਵਿਚ ਗਏ ਤਾਂ ਕਮਰਾ ਬੰਦ ਸੀ ਅਤੇ ਉਨ੍ਹਾਂ ਨੇ ਖਿੜਕੀ ਤੋਂ ਦੇਖਿਆ ਤਾਂ ਉਸ ਨੇ ਫ਼ਾਹਾ ਲਾਇਆ ਹੋਇਆ ਸੀ, ਜਿਸ ’ਤੇ ਉਨ੍ਹਾਂ ਨੇ ਨੇੜੇ ਦੇ ਲੋਕਾਂ ਨੂੰ ਬੁਲਾ ਕੇ ਦਰਵਾਜ਼ਾ ਤੋੜ ਕੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            