ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕਾਂ ਦੇ ਲਾਇਆ ਧਰਨਾ

09/16/2018 1:23:49 AM

ਨੂਰਪੁਰਬੇਦੀ,  (ਤਰਨਜੀਤ, ਸ਼ਰਮਾ, ਅਵਿਨਾਸ਼, ਭੰਡਾਰੀ)-  ਪਿੰਡ ਤਖਤਗਡ਼੍ਹ, ਘਡ਼ੀਸਪੁਰ ਅਤੇ ਨਗਰ ਟੱਪਰੀਆਂ ਵਿਖੇ ਬੀਤੇ ਕਾਫੀ ਸਮੇਂ ਤੋਂ ਭਾਰੀ ਮਾਤਰਾ ’ਚ ਗੰਦਾ ਪਾਣੀ ਆਉਣ ਕਾਰਨ ਨਗਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਗੰਦੇ ਪਾਣੀ ਤੋਂ ਪੀਡ਼ਤ ਲੋਕਾਂ ਨੇ ਅੱਜ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਅੱਡਾ ਬੈਂਸ ਵਿਖੇ  ਟ੍ਰੈਫਿਕ ਜਾਮ ਕਰ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਾ. ਮੋਹਣ ਸਿੰਘ ਧਮਾਣਾ, ਕਾ. ਰਣਜੀਤ ਸਿੰਘ ਸਰਥਲੀ, ਸਰਪੰਚ ਕੇਵਲ ਕ੍ਰਿਸ਼ਨ ਹੈਪੀ, ਡਾ. ਦੇਸ ਰਾਜ ਨੰਗਲ, ਸਰਪੰਚ ਦਰਸ਼ਨ ਸਿੰਘ ਢਾਹਾਂ, ਜਸਵਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਭੀਮ, ਪਰਮਜੀਤ ਸਿੰਘ ਬੰਗਡ਼, ਕਿਸ਼ੋਰ ਸਿੰਘ ਬੰਗਡ਼, ਡਾ. ਸੁਭਾਸ਼ ਬੇਦੀ, ਦਿਨੇਸ਼ ਚੱਢਾ ਆਦਿ ਨੇ ਆਖਿਆ ਕਿ ਗੰਦੇ ਪਾਣੀ ਦੀ ਸਪਲਾਈ ਕਾਰਨ  ਬੀਮਾਰੀਆਂ ਫੈਲ ਰਹੀਆਂ ਹਨ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ ਦੀ ਇਹ ਸਮੱਸਿਆ ਹੱਲ ਨਹੀਂ ਹੋ ਸਕੀ। ਧਰਨੇ ’ਚ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਖਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।  ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਭੇਜੇ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 1 ਅਕਤੂਬਰ ਤੱਕ ਇਹ ਮਸਲਾ ਹੱਲ ਹੋ ਜਾਵੇਗਾ ਤੇ ਉਦੋਂ ਤੱਕ ਰੋਜ਼ਾਨਾ ਦੋ ਟੈਂਕਰ ਪਾਣੀ ਦੇ ਸਪਲਾਈ ਕੀਤੇ ਜਾਣਗੇ। ਧਰਨਾਕਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 1 ਅਕਤੂਬਰ ਤੱਕ ਸ਼ੁੱਧ ਪਾਣੀ ਸਪਲਾਈ ਨਾ ਕੀਤਾ ਗਿਆ ਤਾਂ ਮੁਡ਼ ਅੱਡਾ ਬੈਂਸ ਵਿਖੇ ਧਰਨਾ ਦਿੱਤਾ ਜਾਵੇਗਾ। 
ਇਸ ਮੌਕੇ ਮਾ. ਬਨਾਰਸੀ ਦਾਸ, ਬਿੱਟੂ ਤਖਤਗਡ਼੍ਹ, ਰਾਮਪਾਲ ਸੈਣੀ, ਸੁਖਵਿੰਦਰ ਸਿੰਘ, ਰਮੇਸ਼ ਕੁਮਾਰ, ਪ੍ਰੀਤਮ ਸਿੰਘ, ਹਜਾਰਾ ਸਿੰਘ, ਸ਼ੁਭਮ, ਕ੍ਰਿਸ਼ਨਕਾਂਤ ਪਲਾਟੀਆਂ, ਗੁਰਨੀਤ ਕੌਰ ਟੱਪਰੀਆਂ, ਪਰਮਜੀਤ ਕੌਰ, ਜਾਗਰੋ ਦੇਵੀ, ਤਾਰੋ ਦੇਵੀ, ਸੁਰਜੀਤ ਕੌਰ, ਗੁਰਮੇਲ ਕੌਰ, ਅਮਰਜੀਤ ਕੌਰ, ਰਾਮ ਪਿਆਰੀ, ਭੋਲੀ ਦੇਵੀ  ਤੇ ਮਨਜੀਤ ਕੌਰ ਆਦਿ ਮੌਜੂਦ ਸਨ।


Related News