ਬੁਲੇਟ ਟ੍ਰੇਨ ''ਚ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ ਸਫ਼ਰ 2 ਘੰਟੇ ਵਿਚ ਹੋਵੇਗਾ ਪੂਰਾ

03/31/2018 9:01:36 AM

ਅਹਿਮਦਾਬਾਦ — ਬੁਲੇਟ ਟ੍ਰੇਨ ਦਾ ਸਪਨਾ ਜਲਦੀ ਹੀ ਪੂਰਾ ਹੋ ਸਕੇਗਾ। ਮੁੰਬਈ ਤੋਂ ਅਹਿਮਦਾਬਾਦ ਦਾ ਸਫ਼ਰ ਸਿਰਫ 2 ਘੰਟੇ ਵਿਚ ਤੈਅ ਹੋਵੇਗਾ। ਰਾਸ਼ਟਰੀ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਿਡ(ਐੱਨ.ਐੱਚ.ਐੱਸ.ਆਰ.ਸੀ.) ਨੇ ਰੇਲਵੇ ਜ਼ਮੀਨ ਦੀ ਪ੍ਰਾਪਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਾਪਤੀ ਪੁਰਾਣੇ ਅਤੇ ਨਵੇਂ ਸਾਬਰਮਤੀ ਸਟੇਸ਼ਨਾਂ ਵਿਚਕਾਰ ਹੋਵੇਗੀ। ਬੁਲੇਟ ਟ੍ਰੇਨ ਲਈ ਏਲੀਵੇਟਿਡ ਸਟੇਸ਼ਨ ਤਿਆਰ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਲੇਟ ਟ੍ਰੇਨ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵਿਚ ਕਰੀਬ 35 ਜੋੜੀ ਟ੍ਰੇਨਾਂ ਚਲਾਈਆਂ ਜਾ ਸਕਣਗੀਆਂ। ਇਸਦਾ ਮਤਲਬ ਇਹ ਹੈ ਕਿ ਦੋਵਾਂ ਸ਼ਹਿਰਾਂ ਵਿਚ ਇਕ ਦਿਨ ਵਿਚ ਬੁਲੇਟ ਟ੍ਰੇਨ ਦੇ 70 ਫੇਰੇ ਲੱਗ ਸਕਣਗੇ।

ਸਾਬਰਮਤੀ ਤੋਂ ਸ਼ੁਰੂ ਹੋਵੇਗੀ ਬੁਲੇਟ ਟ੍ਰੇਨ
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਲੇਟ ਟ੍ਰੇਨ ਦੀ ਯਾਤਰਾ ਸਾਬਰਮਤੀ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਸ ਦਾ ਦੂਸਰਾ ਸਟੇਸ਼ਨ ਅਹਿਮਦਾਬਾਦ ਦਾ ਕਲੁਪੁਰ ਹੋਵੇਗਾ। ਐੱਨ.ਐੱਚ.ਐੱਸ.ਆਰ.ਸੀ. ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ(ਬਾਂਦਰਾਂ-ਕੁਰਲਾ ਕੰਪਲੈਕਸ) ਅਤੇ ਸਾਬਰਮਤੀ ਸਟੇਸ਼ਨਾਂ ਵਿਚ ਯਾਤਰਾ ਦੌਰਾਨ ਇਕ ਫਾਸਟ ਟ੍ਰੇਨ(ਬੁਲੇਟ ਟ੍ਰੇਨ) 2 ਘੰਟੇ 7 ਮਿੰਟ ਆਪਣੀ ਯਾਤਰਾ ਪੂਰੀ ਕਰ ਲਵੇਗੀ। ਇਸ ਦੇ ਨਾਲ ਹੀ ਔਸਤ ਰਫ਼ਤਾਰ ਨਾਲ ਇਹ ਟ੍ਰੇਨ ਇਸ ਰੂਟ ਦੇ ਸਾਰੇ 12 ਸਟੇਸ਼ਨਾਂ 'ਤੇ ਰੁਕ ਕੇ ਚਲਣ ਕਾਰਨ 2.58 ਸਮਾਂ ਮਿਆਦ ਵਿਚ ਆਪਣੀ ਯਾਤਰਾ ਪੂਰੀ ਕਰੇਗੀ।

ਹਰ 20 ਮਿੰਟ ਬਾਅਦ ਚਲੇਗੀ ਇਕ ਟ੍ਰੇਨ
ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜ਼ੀ ਸਮੇਂ ਦੌਰਾਨ ਅਰਥਾਤ ਸਵੇਰੇ 7 ਵਜੇ ਤੋਂ 10 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ 9 ਵਜੇ ਦੇ ਸਮੇਂ ਦੌਰਾਨ ਹਰ ਘੰਟੇ ਵਿਚ 3 ਟ੍ਰੇਨਾਂ ਅਤੇ ਹਰ 20 ਮਿੰਟ ਵਿਚ ਇਕ ਟ੍ਰੇਨ ਚੱਲੇਗੀ। ਬਾਕੀ ਸਮੇਂ ਦੌਰਾਨ ਇਕ ਘੰਟੇ ਵਿਚ ਦੋ ਟ੍ਰੇਨਾਂ ਰਵਾਨਾ ਹੋਣਗੀਆਂ। ਬੁਲੇਟ ਟ੍ਰੇਨ ਦੀ ਸ਼ੁਰੂਆਤ 'ਚ ਯਾਤਰੀਆਂ ਦੀ ਸਮਰੱਥਾ 750 ਪ੍ਰਤੀ ਟ੍ਰੇਨ ਹੋਵੇਗੀ, ਜੋ ਕਿ ਬਾਅਦ ਵਿਚ ਵਧਾ ਕੇ 1250 ਯਾਤਰੀ ਪ੍ਰਤੀ ਟ੍ਰੇਨ ਕਰ ਦਿੱਤੀ ਜਾਵੇਗੀ।

ਰੇਲਵੇ ਜਲਦੀ ਹੀ ਜਾਰੀ ਕਰੇਗਾ ਟੈਂਡਰ
ਐੱਨ.ਐੱਚ.ਐੱਸ.ਆਰ.ਸੀ. ਓਪਰੇਸ਼ਨਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਜਲਦੀ ਹੀ ਕੰਟੇਨਰ ਅਤੇ ਲੋਕੋਮੋਟਿਵ ਵਰਕਸ਼ਾਪ ਨੂੰ ਤਬਦੀਲ ਕਰਨ ਲਈ ਟੈਂਡਰ ਜਾਰੀ ਕਰੇਗਾ ਤਾਂ ਜੋ ਐਲੀਵੇਟਿਡ ਸਟੇਸ਼ਨ ਲਈ ਰਸਤਾ ਬਣਾਇਆ ਜਾ ਸਕੇ। ਬੁਲੇਟ ਟ੍ਰੇਨ ਦੀ ਵਧ ਤੋਂ ਵਧ ਗਤੀ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਔਸਤਨ ਗਤੀ 320 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਵੇਗੀ।
ਹੁਣ ਲਗਦਾ ਹੈ 7 ਘੰਟੇ ਦਾ ਸਮਾਂ
ਅਹਿਮਦਾਬਾਦ ਤੋਂ ਮੁੰਬਈ ਜਾਣ ਲਈ ਹੁਣ ਤੱਕ 7 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜਦੋਂਕਿ ਫਲਾਈਟ ਵਿਚ ਇਹ ਦੂਰੀ ਇਕ ਘੰਟੇ ਵੀ ਪੂਰੀ ਹੋ ਜਾਂਦੀ ਹੈ। ਦੂਸਰੇ ਪਾਸੇ ਸ਼ਹਿਰ ਵਿਚ ਇਸ ਰੂਟ 'ਤੇ ਕਰੀਬ 20 ਟ੍ਰੇਨਾਂ ਚਲਦੀਆਂ ਹਨ। ਦੋਵਾਂ ਸ਼ਹਿਰਾਂ ਵਿਚ 10 ਫਲਾਈਟ ਵੀ ਹਨ। ਐੱਨ.ਐੱਚ.ਐੱਸ.ਆਰ.ਸੀ. ਅਧਿਕਾਰੀ ਨੇ ਦੱਸਿਆ, ਅਸੀਂ ਇਕ ਦਿਨ ਵਿਚ ਦੋਵੇਂ ਪਾਸਿਓਂ 35 ਜੋੜੀ ਬੁਲੇਟ ਟ੍ਰੇਨ ਸੇਵਾਵਾਂ ਦੀ ਯੋਜਨਾ ਬਣਾ ਰਹੇ ਹਾਂ ਅਰਥਾਤ ਇਕ ਦਿਨ ਵਿਚ 70 ਟ੍ਰਿਪ ਹੋਣਗੇ।'


Related News