ਆਸਿਆਨ ਸੰਮੇਲਨ ''ਚ ਉੱਠਿਆ ਰੋਹਿੰਗਿਆ ਸੰਕਟ ਦਾ ਮੁੱਦਾ

03/18/2018 4:57:05 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਆਸਿਆਨ ਸ਼ਿਖਰ ਸੰਮੇਲਨ 'ਚ ਰੋਹਿੰਗਿਆ ਸੰਕਟ ਦਾ ਮੁੱਦਾ ਚੁੱਕਿਆ ਗਿਆ। ਫੌਜ ਦੀ ਮੁਹਿੰਮ ਦਰਮਿਆਨ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਦੀ ਜਨਤਕ ਤੌਰ 'ਤੇ ਚੁੱਪੀ ਲਈ ਵੈਸ਼ਵਿਕ ਪੱਧਰ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਫੌਜ ਦੀ ਕਾਰਵਾਈ ਕਾਰਨ ਤਕਰੀਬਨ 7 ਲੱਖ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਬੰਗਲਾਦੇਸ਼ 'ਚ ਸ਼ਰਨ ਲੈਣੀ ਪਈ।

PunjabKesari
ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦਾ ਸੰਗਠਨ (ਆਸਿਆਨ) ਅਤੇ ਆਸਟ੍ਰੇਲੀਆ ਦੇ 3 ਦਿਨਾਂ ਵਿਸ਼ੇਸ਼ ਸੰਮੇਲਨ ਦੇ ਮਹੱਤਵਪੂਰਨ ਮੁੱਦਿਆਂ 'ਚ ਮਨੁੱਖੀ ਸੰਕਟ ਵੀ ਛਾਇਆ ਰਿਹਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਅਸੀਂ ਰਖਾਇਨ ਸੂਬੇ ਵਿਚ ਜੋ ਇਸ ਸਮੇਂ ਹਾਲਾਤ ਹਨ, ਉਸ 'ਤੇ ਚਰਚਾ ਕੀਤੀ। ਸੂ ਕੀ ਨੇ ਵੀ ਪ੍ਰਮੁੱਖਤਾ ਨਾਲ ਮੁੱਦੇ ਨੂੰ ਸੰਬੋਧਿਤ ਕੀਤਾ ਹੈ।''
ਇਸ ਸਾਲ ਆਸਿਆਨ ਦੇ ਪ੍ਰਧਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਕਿਹਾ ਕਿ ਮਿਆਂਮਾਰ ਦੇ ਗੁਆਂਢੀ ਮੌਜੂਦਾ ਸਥਿਤੀ ਲਈ ਚਿੰਤਾ ਵਿਚ ਹਨ ਪਰ ਨਤੀਜੇ ਲਈ ਦਬਾਅ ਨਹੀਂ ਬਣਾਇਆ ਜਾ ਸਕਦਾ। ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹ ਸੰਕਟ ਦੇ ਹੱਲ ਲਈ ਕੋਸ਼ਿਸ਼ਾਂ 'ਤੇ ਜ਼ੋਰ ਦੇਣਗੇ ਅਤੇ ਬੇਘਰ ਹੋਏ ਲੋਕਾਂ ਨੂੰ ਮਨੁੱਖੀ ਮਦਦ ਦਾ ਸਮਰਥਨ ਕਰਦੇ ਹਨ। ਓਧਰ ਮਲੇਸ਼ੀਆ ਦੇ ਨੇਤਾ ਨਜੀਬ ਰੱਜਾਕ ਨੇ ਸ਼ਨੀਵਾਰ ਨੂੰ ਸੂ ਕੀ 'ਤੇ ਇਹ ਕਹਿੰਦੇ ਹੋਏ ਦਬਾਅ ਵਧਾ ਦਿੱਤਾ ਕਿ ਰੋਹਿੰਗਿਆ ਸੰਕਟ ਨਾਲ ਖੇਤਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।


Related News