6 ਸੂਬਿਆਂ ''ਚ ਕਰੋੜਾਂ ਦੀ ਆਬਾਦੀ ''ਤੇ ਸੰਕਟ : ਤਬਾਹੀ ਦਾ ਵੱਡਾ ਕਾਰਨ ਬਣ ਸਕਦੀਆਂ ਹਨ 188 ਗਲੇਸ਼ੀਅਰ ਝੀਲਾਂ
Sunday, Apr 07, 2024 - 04:01 PM (IST)
ਦੇਹਰਾਦੂਨ- ਗਲੋਬਲ ਵਾਰਮਿੰਗ ਨਾਲ ਹਿਮਾਲਿਆ ਦੀਆਂ ਗਲੇਸ਼ੀਅਰ ਝੀਲਾਂ ਲਈ ਖ਼ਤਰਾ ਵਧ ਰਿਹਾ ਹੈ। ਵਧਦੀ ਗਰਮੀ ਕਾਰਨ ਇਹ ਝੀਲਾਂ ਸਾਲ ਦਰ ਸਾਲ ਪਿਘਲ ਰਹੀਆਂ ਹਨ। ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ 28,043 ਗਲੇਸ਼ੀਅਰ ਝੀਲਾਂ 'ਚੋਂ 188 ਝੀਲਾਂ ਕਿਸੇ ਵੀ ਸਮੇਂ ਤਬਾਹੀ ਦਾ ਵੱਡਾ ਕਾਰਨ ਬਣ ਸਕਦੀਆਂ ਹਨ। ਇਸ ਕਾਰਨ ਕਰੀਬ ਤਿੰਨ ਕਰੋੜ ਦੀ ਆਬਾਦੀ ’ਤੇ ਵੱਡਾ ਸੰਕਟ ਮੰਡਰਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਹਿਮਾਲਿਆ ਵਾਤਾਵਰਣ ਮਾਹਿਰਾਂ ਦੀ ਟੀਮ ਵੱਲੋਂ ਕੀਤੇ ਗਏ ਇਕ ਸਾਲ ਲੰਬੇ ਅਧਿਐਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ। ਉੱਤਰ-ਪੂਰਬ ਦੀਆਂ ਝੀਲਾਂ ਸਭ ਤੋਂ ਵੱਧ ਖ਼ਤਰੇ ਵਿਚ ਹਨ। ਇਨ੍ਹਾਂ ਵਿਚ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ 129 ਝੀਲਾਂ ਸ਼ਾਮਲ ਹਨ, ਜਦੋਂ ਕਿ ਲੱਦਾਖ ਅਤੇ ਕਸ਼ਮੀਰ ਦੀਆਂ 26, ਉਤਰਾਖੰਡ ਦੀਆਂ 13 ਅਤੇ ਹਿਮਾਚਲ ਪ੍ਰਦੇਸ਼ ਦੀਆਂ 20 ਝੀਲਾਂ ਵੀ ਖਤਰੇ ਵਿਚ ਹਨ।
ਗਲੇਸ਼ੀਅਰਾਂ ਦੇ ਪਿਘਲਣ ਦੀ ਦਰ 15% ਵਧ ਰਹੀ
ਟੀਮ ਨੇ ਸਾਰੀਆਂ ਗਲੇਸ਼ੀਅਰ ਝੀਲਾਂ ਨੂੰ ਖਤਰੇ ਦੇ ਆਧਾਰ 'ਤੇ ਏ-ਬੀ-ਸੀ-ਡੀ ਸ਼੍ਰੇਣੀਆਂ 'ਚ ਵੰਡਿਆ ਸੀ। ਏ ਸ਼੍ਰੇਣੀ ਵਿਚ ਬੇਹੱਦ ਸੰਵੇਦਨਸ਼ੀਲ 188 ਝੀਲਾਂ ਨੂੰ ਰੱਖਿਆ ਗਿਆ ਹੈ। ਇੱਥੇ ਗਲੇਸ਼ੀਅਰ ਦੇ ਸਭ ਤੋਂ ਜ਼ਿਆਦਾ ਖਿਸਕਣ ਅਤੇ ਪਿਘਲਣ ਦਾ ਸਭ ਤੋਂ ਖਤਰਨਾਕ ਰੁਝਾਨ ਦਰਜ ਕੀਤਾ ਗਿਆ। ਗਲੋਬਲ ਵਾਰਮਿੰਗ ਦੇ ਕਾਰਨ 1.5 ਡਿਗਰੀ ਪਾਰਾ ਵਧਣ ਨਾਲ ਹਿਮਾਲਿਆ ਖੇਤਰ ਵਿਚ ਗਲੇਸ਼ੀਅਰਾਂ ਦੇ ਪਿਘਲਣ ਦੀ ਰਫ਼ਤਾਰ 15% ਤੱਕ ਵੱਧ ਰਹੀ ਹੈ। ਭੂਚਾਲ ਜਾਂ ਕਿਸੇ ਹੋਰ ਵੱਡੀ ਕੁਦਰਤੀ ਆਫ਼ਤ ਦੀ ਸਥਿਤੀ ਵਿਚ ਇਨ੍ਹਾਂ ਗਲੇਸ਼ੀਅਰ ਝੀਲਾਂ ਦੇ ਫਟਣ ਨਾਲ ਵੱਡੀ ਮਾਤਰਾ ਵਿਚ ਅਚਾਨਕ ਪਾਣੀ ਦਾ ਵਹਾਅ ਹੋਵੇਗਾ, ਇਸ ਨਾਲ ਆਸ-ਪਾਸ ਦੇ ਇਲਾਕਿਆਂ ਵਿਚ ਵੱਡੀ ਤਬਾਹੀ ਹੋਣ ਦੀ ਸੰਭਾਵਨਾ ਹੈ।
10 ਸਾਲਾਂ ਵਿਚ ਤਿੰਨ ਵਾਰ ਵੱਡੀ ਤਬਾਹੀ
- 2023: ਸਿੱਕਮ ਵਿਚ ਲਹੋਨਾਕ ਗਲੇਸ਼ੀਅਰ ਫਟਣ ਕਾਰਨ 180 ਮੌਤਾਂ, 5000 ਕਰੋੜ ਦਾ ਨੁਕਸਾਨ।
- 2021: ਉੱਤਰਾਖੰਡ ਵਿੱਚ ਨੀਤੀ ਘਾਟੀ ਵੱਡੀ ਗਲੇਸ਼ੀਅਰ ਝੀਲ ਦੇ ਫਟਣ ਕਾਰਨ 205 ਲੋਕਾਂ ਦੀ ਮੌਤ, ਲਗਭਗ 1500 ਕਰੋੜ ਰੁਪਏ ਦਾ ਨੁਕਸਾਨ।
- 2013: ਕੇਦਾਰਨਾਥ ਵਿਚ ਚੌਰਾਬਾੜੀ ਗਲੇਸ਼ੀਅਰ ਫਟਣ ਕਾਰਨ 30 ਹਜ਼ਾਰ ਲੋਕਾਂ ਦੀ ਮੌਤ, ਸੈਂਕੜੇ ਲਾਪਤਾ।