ਰਾਮ ਮੰਦਰ ਮੁੱਦਾ ਖਤਮ, ਹੁਣ ਕੋਈ ਇਸਦੀ ਚਰਚਾ ਨਹੀਂ ਕਰ ਰਿਹਾ : ਸ਼ਰਦ ਪਵਾਰ
Saturday, Apr 20, 2024 - 12:39 PM (IST)
ਪੁਣੇ, (ਭਾਸ਼ਾ)- ਐੱਨ. ਸੀ. ਪੀ. (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਅਯੁੱਧਿਆ ਦੇ ਰਾਮ ਮੰਦਰ ਦਾ ਮੁੱਦਾ ਹੁਣ ਖਤਮ ਹੋ ਗਿਆ ਹੈ ਅਤੇ ਹੁਣ ਕੋਈ ਵੀ ਇਸ ਮੁੱਦੇ ਉੱਤੇ ਚਰਚਾ ਨਹੀਂ ਕਰ ਰਿਹਾ ਹੈ। ਪਵਾਰ ਵੀਰਵਾਰ ਨੂੰ ਪੁਣੇ ਜ਼ਿਲੇ ਦੇ ਪੁਰੰਦਰ ’ਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਪਵਾਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਮੌਜੂਦਾ ਚੋਣਾਂ ਵਿਚ ਰਾਮ ਮੰਦਰ ਦੀ ਕੋਈ ਅਹਿਮ ਭੂਮਿਕਾ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਦਾ ਮੁੱਦਾ ਹੁਣ ਖਤਮ ਹੋ ਗਿਆ ਹੈ ਅਤੇ ਹੁਣ ਕੋਈ ਵੀ ਇਸ ਬਾਰੇ ਚਰਚਾ ਨਹੀਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਮੀਟਿੰਗ ਦੌਰਾਨ, ਕੁਝ ਔਰਤਾਂ ਨੇ ਸ਼ਿਕਾਇਤ ਕੀਤੀ ਕਿ ਭਾਵੇਂ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਗਈ ਹੈ, ਪਰ ਦੇਵੀ ਸੀਤਾ ਦੀ ਮੂਰਤੀ ਉੱਥੇ ਨਹੀਂ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਪਵਾਰ ਦੀ ਟਿੱਪਣੀ ਦੀ ਆਲੋਚਨਾ ਕੀਤੀ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਵਾਰ ਨੂੰ ਟਿੱਪਣੀ ਕਰਨ ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਮੰਦਰ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਸੀ। ਬਾਵਨਕੁਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਗਵਾਨ ਰਾਮ ਆਪਣੇ ਬਾਲ ਰੂਪ ਵਿਚ ਹਨ, ਪਰ ਪਵਾਰ ਸਾਹਿਬ ਇਸ ਉੱਤੇ ਰਾਜਨੀਤੀ ਕਰਨ ਵਿਚ ਦਿਲਚਸਪੀ ਰੱਖਦੇ ਹਨ।