24 ਘੰਟਿਆਂ 'ਚ ਸੁਲਝੀ ਮੋਬਾਇਲ ਸ਼ਾਪ 'ਚ ਹੋਈ ਚੋਰੀ ਦੀ ਵਾਰਦਾਤ, ਚੋਰੀ ਦੇ ਸਾਮਾਨ ਸਣੇ 3 ਗ੍ਰਿਫ਼ਤਾਰ

09/28/2023 4:12:01 PM

ਪਟਿਆਲਾ (ਬਲਜਿੰਦਰ) :  ਸ਼ਹਿਰ ਦੇ ਭੁਪਿੰਦਰ ਰੋਡ ’ਤੇ 'ਐਪਲ ਕੈਫੇ' ਨਾਂ ਦੀ ਮੋਬਾਇਲਾਂ ਦੀ ਦੁਕਾਨ ’ਚ ਲੱਖਾਂ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੱਖਾਂ ਦੇ ਮੋਬਾਇਲ, ਘੜੀਆਂ, ਲੈਪਟਾਪ ਅਤੇ ਹੋਰ ਸਾਮਾਨ ਦੀ ਚੋਰੀ ਦੀ ਵਾਰਦਾਤ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਵੱਲੋਂ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਅਤੇ ਚੌਕੀ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਹੇਠ 24 ਘੰਟਿਆਂ ’ਚ ਹੀ ਟਰੇਸ ਕਰ ਲਿਆ ਗਿਆ ਹੈ।

ਡੀ. ਐੱਸ. ਪੀ. ਸੰਜੀਵ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ’ਚ ਤਰਵਿੰਦਰ ਸਿੰਘ ਉਰਫ਼ ਹਨੀ ਹੀਰਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਚੌਰਾ ਨੇੜੇ ਸ਼ਿਵ ਮੰਦਿਰ ਆਈ. ਟੀ. ਬੀ. ਪੀ. ਕੈਂਪ ਥਾਣਾ ਅਰਬਨ ਅਸਟੇਟ ਪਟਿਆਲਾ, ਅਭਿਜੀਤ ਸਿੰਘ ਉਰਫ਼ ਅਭੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਲਾਡ ਬਨਜਾਰਾ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ, ਗਗਨਦੀਪ ਸਿਘ ਉਰਫ਼ ਗੱਗੂ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਲਾਡ ਬਨਜਾਰਾ ਕਲਾਂ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਮਾਮਲੇ ’ਚ ਕੁੱਲ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਜਸਕਰਨ ਸਿੰਘ ਪੁੱਤਰ ਧਿਆਨੀ ਪੁੱਤਰ ਸੀਤੀ ਵਾਸੀ ਪਿੰਡ ਲਾਡ ਬਨਜਾਰਾ ਕਲਾਂ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਅਜੇ ਫਰਾਰ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ 28 ਐਪਲ ਦੇ ਮੋਬਾਇਲ ਫੋਨ, 15 ਸਮਾਰਟਵਾਚ, 1 ਲੈਪਟਾਪ ਅਤੇ 1 ਮੈਕਬੁੱਕ ਐਪਲ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ

ਡੀ. ਐੱਸ. ਪੀ. ਸੰਜੀਵ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ’ਚ ਕੀਰਤੀ ਸ਼ਰਮਾ ਪੁੱਤਰ ਹਰੀ ਮੋਹਨ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਡੀ. ਏ. ਵੀ. ਸਕੂਲ ਕੋਲ 'ਐਪਲ ਕੈਫੇ' ਨਾਂ ਦੀ ਮੋਬਾਇਲਾਂ ਦੀ ਦੁਕਾਨ ਤੋਂ ਰਾਤ ਨੂੰ ਚੋਰਾਂ ਨੇ ਸ਼ਟਰ ਤੋੜ ਕੇ 30 ਮੋਬਾਇਲ ਫੋਨ , 18 ਪੁਰਾਣੀਆਂ ਘੜੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਦੋਂ ਐੱਸ. ਐੱਚ. ਓ. ਹਰਜਿੰਦਰ ਢਿੱਲੋਂ ਅਤੇ ਮਾਡਲ ਟਾਊਨ ਚੌਕੀ ਇੰਚਾਰਜ ਏ. ਐੱਸ. ਆਈ. ਰਣਜੀਤ ਸਿੰਘ ਦੀ ਅਗਵਾਈ ਹੇਠ ਤਫਤੀਸ਼ ਕੀਤੀ ਗਈ ਤਾਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ

ਦੁਕਾਨ ’ਤੇ ਕੰਮ ਕਰਨ ਵਾਲੇ ਸੇਲਜਮੈਨ ਨੇ ਹੀ ਸਾਥੀਆਂ ਨਾਲ ਮਿਲ ਨਕਲੀ ਚਾਬੀਆਂ ਬਣਾ ਕੇ ਦਿੱਤਾ ਚੋਰੀ ਨੂੰ ਅੰਜਾਮ
ਡੀ. ਐੱਸ. ਪੀ. ਸਿੰਗਲਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਏ. ਐੱਸ. ਆਈ. ਸੂਬਾ ਸਿੰਘ ਪੁਲਸ ਪਾਰਟੀ ਸਮੇਤ ਪੀ. ਆਰ. ਟੀ. ਸੀ. ਚੌਂਕ ਪਟਿਆਲਾ ਵਿਖੇ ਮੌਜੂਦ ਸਨ, ਜਿੱਥੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਤਰਵਿੰਦਰ ਸਿੰਘ ਉਰਫ਼ ਹਨੀ ਇਸ ਦੁਕਾਨ ’ਤੇ ਪਿਛਲੇ 5-6 ਸਾਲਾਂ ਤੋਂ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਦੁਕਾਨ ਦੀਆਂ ਚਾਬੀਆਂ ਅਕਸਰ ਇਸ ਦੇ ਕੋਲ ਰਹਿ ਜਾਂਦੀਆਂ ਸਨ ਤੇ ਉਸ ਨੇ ਜਲਦੀ ਅਮੀਰ ਹੋਣ ਦੇ ਲਾਲਚ ’ਚ ਦੁਕਾਨ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਲਈ ਉਸ ਨੇ ਆਪਣੇ ਉਕਤ ਸਾਥੀਆਂ ਨਾਲ ਮਿਲ ਕੇ ਯੋਜਨਾਬੱਧ ਤਰੀਕੇ ਨਾਲ ਡੁਪਲੀਕੇਟ ਚਾਬੀਆਂ ਤਿਆਰ ਕੀਤੀਆਂ ਅਤੇ ਉਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਪਰੋਕਤ ਵਿਅਕਤੀਆਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਏ. ਐੱਸ. ਆਈ. ਰਣਜੀਤ ਸਿੰਘ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News