ਨਜਾਇਜ਼ ਸਬੰਧਾਂ ਦੀ ਭੇਟ ਚੜ੍ਹਿਆ ਨੌਜਵਾਨ, ਫਾਹਾ ਲੈ ਕੇ ਕੀਤੀ ਖੁਦਕੁਸ਼ੀ
Friday, May 01, 2026 - 06:12 PM (IST)
ਪਾਤੜਾਂ (ਚੋਪੜਾ) : ਸਬ ਡਿਵੀਜ਼ਨ ਪਾਤੜਾਂ ਅਧੀਨ ਪੈਂਦੇ ਕਸਬਾ ਘੱਗਾ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਨਜਾਇਜ਼ ਸਬੰਧਾਂ 'ਤੇ ਚੱਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਇਕ ਔਰਤ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਲੈਤੀ ਰਾਮ ਦੇ ਇਕ ਔਰਤ ਅਮਨਦੀਪ ਕੌਰ ਨਾਲ ਲਗਭਗ ਇਕ ਸਾਲ ਤੋਂ ਨਜਾਇਜ਼ ਸਬੰਧ ਸਨ ਜੋ ਉਸਨੂੰ ਕਾਫੀ ਤੰਗ ਪਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਉਸਦੀ ਸਾਰੀ ਕਮਾਈ ਦੇਣ ਅਤੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸਦੇ ਨਾਲ ਪੱਕਾ ਰਹਿਣ ਲਈ ਕਹਿੰਦੀ ਰਹਿੰਦੀ ਸੀ।
ਅਮਨਦੀਪ ਕੌਰ ਨੂੰ ਕਾਫੀ ਵਾਰ ਸਮਝਾਉਣ 'ਤੇ ਉਹ ਨਹੀਂ ਹਟੀ ਜਿਸ ਤੋਂ ਦੁਖੀ ਹੋ ਕੇ ਵਲੈਤੀ ਰਾਮ ਨੇ ਕੱਲ ਛਬੀਲਪੁਰ ਨੇੜੇ ਭਾਖੜਾ ਨਹਿਰ ਕਿਨਾਰੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਵਾਲੇ ਕਰ ਦਿੱਤੀ ਗਈ ਅਤੇ ਕਥਿਤ ਦੋਸ਼ਣ ਅਮਨਦੀਪ ਕੌਰ ਪਤਨੀ ਜਸਵੀਰ ਸਿੰਘ ਵਾਸੀ ਘੱਗਾ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
