ਪੰਜਾਬ : ਇਸ ''ਬਾਬੇ'' ਖ਼ਿਲਾਫ ਲੋਕਾਂ ਨੇ ਖੋਲ੍ਹਿਆ ਮੋਰਚਾ, ਆਖਿਰ ਪੁਲਸ ਨੇ ਦਰਜ ਕੀਤੀ FIR
Monday, May 25, 2026 - 07:24 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਸਨੌਰ ਦੇ ਇਕ ਮੁਹੱਲੇ ’ਚ ਰਹਿ ਰਹੇ ‘ਢੋਂਗੀ ਬਾਬਾ’ ਉਰਫ ਨਟਵਰ ਲਾਲ ਅਤੇ ਉਸ ਦੇ ਇਕ ਸੇਵਕ ਖਿਲਾਫ ਲੰਘੇ ਕੱਲ ਤੋਂ ਸਨੌਰ ਪੁਲਸ ਵੱਲੋਂ ਕੇਸ ਨਾ ਦਰਜ ਕਰਨ ’ਤੇ ਭੜਕੇ ਦੁਕਾਨਦਾਰਾਂ ਅਤੇ ਲੋਕਾਂ ਨੇ ਸਨੌਰ ਥਾਣਾ ਘੇਰ ਕੇ ਪੁਲਸ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਆਖਿਰ ਸ਼ਾਮ ਨੂੰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਸਨੌਰ ਪੁਲਸ ਨੇ ਇਸ ‘ਢੋਂਗੀ ਬਾਬਾ’ ਮਹੰਤ ਪ੍ਰਵੀਨ ਦਾਸ ਮਹਾਰਾਜ ਅਤੇ ਇਸ ਦੀ ਸੇਵਿਕਾ ਪ੍ਰਿਯੰਕਾ ਖਿਲਾਫ ਸਨੌਰ ਥਾਣੇ ਅੰਦਰ ਐੱਫ. ਆਈ. ਆਰ. ਨੰਬਰ 0053 ਧਾਰਾ 319, 318, 74, 77, 361, 308, 361, 351 ਤਹਿਤ ਲੋਕਾਂ ਨੂੰ ਗੁੰਮਰਾਹ ਕਰਨ, ਲੁੱਟਣ, ਲੱਖਾਂ ਰੁਪਏ ਹੜੱਪ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਦਰਜਨਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਕੱਲ ਦੇਰ ਰਾਤ ਸੀ. ਆਈ. ਏ. ਪਟਿਆਲਾ ਦੀ ਪੁਲਸ ਨੇ ਉਕਤ ‘ਢੋਂਗੀ ਬਾਬਾ’ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : ਭਾਖੜਾ ਦੇ ਠਾਠਾਂ ਮਾਰਦੇ ਪਾਣੀ 'ਚ ਪਤੀ-ਪਤਨੀ ਨੇ 3 ਜਵਾਕਾਂ ਸਣੇ ਮਾਰੀ ਛਾਲ, ਜੋੜਾ ਬਚਿਆ, ਬੱਚਿਆਂ ਦੀ ਮੌਤ
ਇਸ ‘ਢੋਂਗੀ ਬਾਬਾ’ ਨੇ ਆਪਣਾ ਨਾਮ ਮਹੰਤ ਪ੍ਰਵੀਨਦਾਸ ਮਹਾਰਾਜ ਰੱਖਿਆ ਹੋਇਆ ਹੈ, ਜਿਸ ਖਿਲਾਫ ਲਗਭਗ ਇਕ ਦਰਜਨ ਤੋਂ ਵਧ ਵਿਅਕਤੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਸਨੌਰ ਪੁਲਸ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਪਰ ਐੱਸ. ਐੱਚ. ਓ. ਸਨੌਰ ਵੱਲੋਂ ਇਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ, ਜਿਸ ਕਾਰਨ ਲੋਕ ਪਟਿਆਲਾ ਐੱਸ. ਐੱਸ. ਪੀ. ਦਰਬਾਰ ’ਚ ਪਹੁੰਚ ਗਏ। ਐੱਸ. ਐੱਸ. ਪੀ. ਪਟਿਆਲਾ ਨੇ ਲੋਕਾਂ ਦੀਆਂ ਕਈ ਅਰਜੀਆਂ ਐੱਸ. ਪੀ. ਡੀ. ਨੂੰ ਮਾਰਕ ਕੀਤੀਆਂ, ਜਿਸ ਤੋਂ ਬਾਅਦ ਕੱਲ ਦੁਪਹਿਰ ਬਾਅਦ ਸੀ. ਆਈ. ਏ. ਪਟਿਆਲਾ ਪੁਲਸ ਦੇ ਇੰਚਾਰਜ ਪ੍ਰਦੀਪ ਬਾਜਵਾ ਨੇ ਇਸ ਖਿਲਾਫ ਕਾਰਵਾਈ ਕਰਦਿਆਂ ਇਸ ਨੂੰ ਆਪਣੀ ਟੀਮ ਨਾਲ ਸਨੌਰ ਤੋਂ ਚੁੱਕ ਲਿਆ, ਜਿੱਥੇ ਜਾ ਕੇ ਲੋਕਾਂ ਨੇ ਬਾਬੇ ਖਿਲਾਫ ਬਿਆਨ ਦਰਜ ਕਰਵਾਏ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਕਲੋਨੀਆਂ 'ਤੇ ਸ਼ੁਰੂ ਹੋਈ ਕਾਰਵਾਈ, ਲੋਕਾਂ ਦਿੱਤੀ ਗਈ ਚੇਤਾਵਨੀ
‘ਢੋਂਗੀ ਬਾਬਾ’ ਖਿਲਾਫ ਕੇਸ ਸਨੌਰ ਥਾਣੇ ’ਚ ਦਰਜ ਹੋਣਾ ਸੀ, ਜਿਸ ਦੇ ਚੱਲਦਿਆਂ ਸੀ. ਆਈ. ਏ. ਸਟਾਫ ਨੇ ਸਾਰੇ ਬਿਆਨ ਅਤੇ ਅਰਜੀਆਂ ਕੱਲ ਸ਼ਾਮ ਨੂੰ ਸਨੌਰ ਥਾਣੇ ਨੂੰ ਭੇਜ ਦਿੱਤੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸਨੌਰ ਪੁਲਸ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਪਰ ਹੈਰਾਨੀ ਹੈ ਕਿ ਪੁਲਸ ਨੇ ਇਸ ਖਿਲਾਫ ਕੱਲ ਕੇਸ ਦਰਜ ਨਾ ਕੀਤਾ। ਜਦੋਂਕਿ ਸੀਨੀਅਰ ਅਧਿਕਾਰੀਆਂ ਅਤੇ ਸੀ. ਆਈ. ਏ. ਸਟਾਫ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਇਸ ‘ਢੋਂਗੀ ਬਾਬਾ’ ਖਿਲਾਫ ਅੱਜ ਹੀ ਕੇਸ ਦਰਜ ਹੋ ਜਾਵੇਗਾ। ਆਖਿਰ ਅੱਜ ਜਦੋਂ ਕੇਸ ਦਰਜ ਨਾ ਹੋਇਆ ਤਾਂ ਲਗਭਗ 12 ਵਜੇ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰ ਕੇ ਸਨੌਰ ਥਾਣੇ ਪੁੱਜੇ ਅਤੇ ਗੁਹਾਰ ਲਾਈ ਕਿ ਇਸ ‘ਢੋਂਗੀ ਬਾਬਾ’ ਖਿਲਾਫ ਕੇਸ ਦਰਜ ਕੀਤਾ ਜਾਵੇ ਪਰ ਉੱਥੇ ਇਨ੍ਹਾਂ ਦੀ ਸੁਣਵਾਈ ਨਾ ਹੋਈ, ਜਿਸ ਤੋਂ ਬਾਅਦ ਲੋਕਾਂ ਨੇ ਥਾਣੇ ਅੰਦਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਅਤਿ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਇਸ ਫੈ਼ਸਲੇ ਨੇ ਵਧਾਈ ਚਿੰਤਾ
ਇਹ ਗੱਲ ਜਦੋਂ ਸੀਨੀਅਰ ਪੁਲਸ ਅਧਿਕਾਰੀਆਂ ਕੋਲ ਪੁੱਜੀ ਤਾਂ ਉਨ੍ਹਾਂ ਐੱਸ. ਐੱਚ. ਓ. ਸਨੌਰ ਨੂੰ ਹੁਕਮ ਦਿੱਤੇ ਕਿ ਉਹ ਤੁਰੰਤ ਥਾਣੇ ਜਾ ਕੇ ਕੇਸ ਦਰਜ ਕਰੇ। ਆਖਿਰ ਦੇਰ ਸ਼ਾਮ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਇਸ ‘ਢੋਂਗੀ ਬਾਬਾ’ ਤੇ ਸੇਵਿਕਾ ਖਿਲਾਫ ਕੇਸ ਦਰਜ ਹੋਇਆ। ਇਸ ਮੌਕੇ ਵੱਖ-ਵੱਖ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ‘ਢੋਂਗੀ ਬਾਬਾ’ ਸਨੌਰ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਸੀ। ਇਸ ਨੇ ਜਾਅਲੀ ਐਡਰੈੱਸ ’ਤੇ ਆਧਾਰ ਕਾਰਡ ਬਣਵਾ ਲਿਆ ਸੀ। ਉਸ ਦੀਆਂ ਗੱਲਾਂ ’ਚ ਆ ਕੇ ਕੁਝ ਦੁੱਖੀ ਲੋਕ ਇਸ ਕੋਲ ਜਾਣ ਲੱਗੇ ਅਤੇ ਇਸ ਨੇ ਉਨ੍ਹਾਂ ਤੋਂ ਪੈਸੇ ਬਟੋਰਨੇ ਸ਼ੁਰੂ ਕਰ ਦਿੱਤੇ, ਜਿਹੜੇ ਲੱਖਾਂ ਰੁਪਏ ’ਚ ਪਹੁੰਚ ਗਏ। ਇਥੋਂ ਤੱਕ ਬਾਬਾ ਇਹ ਵੀ ਕਹਿੰਦਾ ਸੀ ਕਿ ਉਹ ਐਂਟੀ ਕੁਰੱਪਸ਼ਨ ਬਿਊਰੋ ਭਾਰਤ ਦਾ ਚੇਅਰਮੈਨ ਹੈ ਅਤੇ ਉਸ ਨੂੰ ਬਹੁਤ ਉੱਚਾ ਅਹੁਦਾ ਮਿਲੇਗਾ, ਜਿਸ ਕਰ ਕੇ ਉਹ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਲੱਗਵਾ ਦੇਵੇਗਾ।
ਬੀਬੀਆਂ ਨੇ ਰੋਂਦੇ ਹੋਏ ਦੱਸਿਆ ਕਿ ਇਹ ਗਲਤ ਤੌਰ ’ਤੇ ਉਨ੍ਹਾਂ ਦੇ ਸਰੀਰ ਨੂੰ ਟੱਚ ਵੀ ਕਰਦਾ ਸੀ। ਉਸ ਦੀ ਸੇਵਿਕਾ ਬੀਬੀਆਂ ਨੂੰ ਗੁੰਮਰਾਹ ਕਰ ਕੇ ਬਾਬੇ ਕੋਲ ਲੈ ਕੇ ਜਾਂਦੀ ਸੀ। ਇਸ ਨੇ ਲੋਕਾਂ ਕੋਲੋਂ ਸੋਨੇ ਦੀਆਂ ਛਾਪਾਂ, ਕੜੇ ਤੱਕ ਆਪਣੇ ਕਬਜ਼ੇ ’ਚ ਕਰ ਲਏ ਸਨ। ਉਕਤ ਬੀਬੀਆਂ ਨੇ ਬਕਾਇਦਾ ਤੌਰ ’ਤੇ ਬਿਆਨ ਦਰਜ ਕਰਵਾਏ ਹਨ, ਜੋ ਐੱਫ. ਆਈ. ਆਰ. ਵਿਚ ਵੀ ਸ਼ਾਮਿਲ ਕੀਤੇ ਹਨ। ਉੱਥੇ ਸਨੌਰ ਪੁਲਸ ਵੱਲੋਂ ‘ਢੋਂਗੀ ਬਾਬਾ’ ਖਿਲਾਫ ਕਾਰਵਾਈ ਨਾ ਕਰਨ ’ਤੇ ਲੋਕ ਹੈਰਾਨ ਅਤੇ ਪ੍ਰੇਸ਼ਾਨ ਸਨ। ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਦਾ ਪੱਖ ਪੂਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
