ਵਿਕਾਸ ਦੇ ਨਾਂ ਹੇਠ ਕੁਦਰਤ ''ਤੇ ਚੱਲਿਆ ''ਆਰਾ'', ਸੜਕ ਚੌੜੀ ਕਰਨ ਦੀ ਆੜ ''ਚ ਦਰੱਖ਼ਤਾਂ ਦੀ ਲੱਕੜ ''ਗਾਇਬ''
Wednesday, May 13, 2026 - 03:18 PM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਪਿੰਡ ਦੁਗਾਲ ਅਤੇ ਰਾਮਪੁਰ ਦੁਗਾਲ ਦੀ ਸਾਂਝੀ ਹੱਦ 'ਤੇ ਬਣ ਰਹੀ ਲਿੰਕ ਸੜਕ ਦੇ ਨਿਰਮਾਣ ਦੌਰਾਨ ਵਾਤਾਵਰਣ ਦਾ ਘਾਣ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੜਕ ਨੂੰ ਚੌੜਾ ਕਰਨ ਲਈ ਮਾਲ ਵਿਭਾਗ ਵੱਲੋਂ ਕਰਵਾਈ ਗਈ ਨਿਸ਼ਾਨਦੇਹੀ ਤੋਂ ਬਾਅਦ ਰਸਤੇ ਵਿਚ ਆਉਂਦੇ ਦਰੱਖ਼ਤਾਂ ਨੂੰ ਪੁੱਟ ਤਾਂ ਦਿੱਤਾ ਗਿਆ ਪਰ ਹੁਣ ਇਹ ਦਰੱਖ਼ਤ ਅਤੇ ਇਨ੍ਹਾਂ ਦੀ ਲੱਕੜ ਕਿੱਥੇ ਗਈ, ਇਸ ਬਾਰੇ ਸਰਕਾਰੀ ਤੰਤਰ ਪੂਰੀ ਤਰ੍ਹਾਂ ਖ਼ਾਮੋਸ਼ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜਨਤਕ ਸੰਪਤੀ ਕਹੇ ਜਾਣ ਵਾਲੇ ਇਨ੍ਹਾਂ ਦਰੱਖ਼ਤਾਂ ਦੀ ਸਾਂਭ-ਸੰਭਾਲ ਜਾਂ ਇਨ੍ਹਾਂ ਦੀ ਨਿਲਾਮੀ ਪ੍ਰਕਿਰਿਆ ਬਾਰੇ ਕਿਸੇ ਵੀ ਵਿਭਾਗ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਹੈ, ਜਿਸ ਕਾਰਨ ਮਾਮਲਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।
ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਅਧਿਕਾਰੀ
ਇਸ ਮਾਮਲੇ ਸਬੰਧੀ ਜਦੋਂ ਵਣ ਵਿਭਾਗ ਦੇ ਰੇਂਜਰ ਅਫਸਰ ਅਤੇ ਬਲਾਕ ਵਿਕਾਸ ਪੰਚਾਇਤ ਅਫ਼ਸਰ (BDPO) ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਪੱਲਾ ਝਾੜਦਿਆਂ ਕਿਹਾ ਕਿ ਇਹ ਦਰੱਖ਼ਤ ਉਨ੍ਹਾਂ ਦੇ ਅਧੀਨ ਨਹੀਂ ਆਉਂਦੇ। ਦੂਜੇ ਪਾਸੇ ਪਿੰਡ ਰਾਮਪੁਰ ਦੁਗਾਲ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਕਰਮ ਸਿੰਘ ਨੇ ਫ਼ੋਨ 'ਤੇ ਦੱਸਿਆ ਕਿ ਪੰਚਾਇਤ ਦਾ ਇਸ ਕਾਰਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਸੜਕ ਦੇ ਵਧੀਆ ਨਿਰਮਾਣ ਲਈ ਆਪਣੇ ਖੇਤਾਂ ਦੇ ਮੱਥੇ ਆਪ ਮੁਹਾਰੇ ਪੱਟੇ ਹਨ। ਸਵਾਲ ਇਹ ਉੱਠਦਾ ਹੈ ਕਿ ਜੇਕਰ ਕੋਈ ਵਿਭਾਗ ਜਾਂ ਪੰਚਾਇਤ ਇਸ ਦੀ ਜ਼ਿੰਮੇਵਾਰੀ ਨਹੀਂ ਲੈ ਰਹੀ, ਤਾਂ ਫਿਰ ਲੱਕੜ ਦਾ ਬਾਲੀ ਵਾਰਸ ਕੌਣ ਹੈ?
ਕਥਿਤ ਆਰਾ ਮਾਲਕਾਂ ਦੀ ਸਰਗਰਮੀ ਅਤੇ ਲੱਕੜ ਚੋਰੀ ਦੇ ਖ਼ਦਸ਼ੇ, ਉੱਚ ਪੱਧਰੀ ਜਾਂਚ ਦੀ ਮੰਗ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਦਰੱਖ਼ਤਾਂ ਨੂੰ ਪੁੱਟਣ ਦਾ ਕੰਮ ਕਿਸੇ ਸਰਕਾਰੀ ਕਾਮੇ ਨੇ ਨਹੀਂ ਬਲਕਿ ਸੰਗਰੂਰ ਜ਼ਿਲ੍ਹੇ ਦੇ ਇੱਕ ਨੇੜਲੇ ਪਿੰਡ ਵਿੱਚ ਲੱਗੇ ਕਥਿਤ ਆਰੇ ਦੇ ਕਰਿੰਦਿਆਂ ਵੱਲੋਂ ਕੀਤਾ ਗਿਆ ਹੈ। ਚਰਚਾ ਹੈ ਕਿ ਦਰੱਖ਼ਤ ਪੁੱਟਣ ਤੋਂ ਤੁਰੰਤ ਬਾਅਦ ਲੱਕੜ ਵੀ ਉਸੇ ਕਥਿਤ ਆਰੇ 'ਤੇ ਪਹੁੰਚਾ ਦਿੱਤੀ ਗਈ ਹੈ। ਸਥਾਨਕ ਲੋਕਾਂ ਅਨੁਸਾਰ ਇਸ ਇਲਾਕੇ ਵਿੱਚ ਜਦੋਂ ਵੀ ਕਿਤੇ ਸਰਕਾਰੀ ਦਰੱਖ਼ਤਾਂ ਦੀ ਚੋਰੀ ਜਾਂ ਨਾਜਾਇਜ਼ ਕਟਾਈ ਹੁੰਦੀ ਹੈ, ਤਾਂ ਇਸ ਆਰੇ ਸਮੇਤ ਇੱਕ ਹੋਰ ਸ਼ਹਿਰੀ(ਪਾਤੜਾਂ) ਆਰੇ ਦਾ ਨਾਮ ਅਕਸਰ ਚਰਚਾ ਵਿੱਚ ਆਉਂਦਾ ਹੈ। ਵਾਤਾਵਰਣ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਦਰੱਖ਼ਤਾਂ ਦੀ ਚੋਰੀ ਅਤੇ ਇਸ ਵਿੱਚ ਸ਼ਾਮਲ ਕਥਿਤ ਮਿਲੀਭੁਗਤ ਦਾ ਪਰਦਾਫਾਸ਼ ਹੋ ਸਕਦਾ ਹੈ।
