ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹੀਆਂ ਮਰਦਮਸ਼ੁਮਾਰੀ ਦੀਆਂ ਡਿਊਟੀਆਂ : ਅਧਿਆਪਕਾਂ ਵਿਚ ਭਾਰੀ ਰੋਸ
Saturday, May 16, 2026 - 12:59 PM (IST)
ਪਟਿਆਲਾ (ਮਨਦੀਪ ਜੋਸਨ) : ਪੰਜਾਬ ਅੰਦਰ ਮਰਦਮਸ਼ੁਮਾਰੀ 2027 ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸੇ ਲੜੀ ਤਹਿਤ ਪਟਿਆਲਾ ਦਿਹਾਤੀ ਦੇ ਪ੍ਰਸ਼ਾਸਨ ਵੱਲੋਂ ਅੱਜ ਸੈਂਕੜਿਆਂ ਦੀ ਗਿਣਤੀ ’ਚ ਅਧਿਆਪਕਾਂ ਨੂੰ ਸਾਮਾਨ ਲੈਣ ਲਈ ਬੁਲਾਇਆ ਗਿਆ ਸੀ। ਜਦੋਂ ਅਧਿਆਪਕ ਸਾਮਾਨ ਲੈਣ ਪਹੁੰਚੇ ਤਾਂ ਉਨ੍ਹਾਂ ਨੂੰ ਮਾੜੇ ਪ੍ਰਬੰਧਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਅਧਿਆਪਕਾਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬੋਲਦਿਆਂ ਗੌਰਮਿੰਟ ਯੂਨੀਅਨ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਮੌਕੇ ’ਤੇ ਸਾਰੇ ਪ੍ਰਬੰਧਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ’ਚ ਅਧਿਆਪਕ ਨੂੰ ਬਿਨਾਂ ਚਾਹ ਪਾਣੀ ਦੇ ਸਾਰਾ ਦਿਨ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਡਿਊਟੀਆਂ 50-50 ਕਿਲੋਮੀਟਰ ਦੂਰ ਧੱਕੇ ਨਾਲ ਲਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਅਤੇ ਅਣਗਹਿਲੀ ਕਰ ਕੇ ਸੈਂਕੜੇ ਅਧਿਆਪਕ ਸਕੂਲੋਂ ਬਾਹਰ ਗਰਮੀ ਦੇ ਮੌਸਮ ’ਚ ਖੱਜਲ ਹੋ ਰਹੇ ਹਨ। ਮਹਿਲਾ ਅਧਿਆਪਕਾਂ ਨੂੰ ਵੀ ਹੁਣ ਸ਼ਾਮ ਤੱਕ ਖੱਜਲ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਦੂਰ-ਦੁਰਾਡੇ ਜਬਰੀ ਲਾਈਆਂ ਡਿਊਟੀਆਂ ਨੂੰ ਛੇਤੀ ਤੋਂ ਛੇਤੀ ਸੈੱਟ ਕਰ ਕੇ ਨੇੜੇ ਲਾਈਆਂ ਜਾਣ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਅਮਰਿੰਦਰ ਸਿੰਘ ਤਰਖੇੜੀ, ਸਤਪਾਲ ਭੀਖੀ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਆਦਿ ਸਾਥੀ ਹਾਜ਼ਰ ਰਹੇ।
