ਪੰਜਾਬ ਵਿਚ ਵੱਡਾ ਬੱਸ ਹਾਦਸਾ, ਇਕ ਦੀ ਮੌਤ
Friday, May 15, 2026 - 06:30 PM (IST)
ਪਾਤੜਾ (ਚੋਪੜਾ) : ਅੱਜ ਸਵੇਰੇ ਪਟਿਆਲਾ ਰੋਡ ਤੇ ਕਸਬਾ ਘੱਗਾ ਵਿਖੇ ਇੱਕ ਟੂਰਿਸਟ ਬੱਸ ਦੇ ਅਚਾਨਕ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਕੁਝ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਚੰਦਰ ਪ੍ਰਕਾਸ਼ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਜੋ ਨੰਗਲ ਦਾ ਰਹਿਣ ਵਾਲਾ ਸੀ ਜਿਸ ਨੂੰ ਬੜੀ ਮੁਸ਼ੱਕਤ ਦੇ ਨਾਲ ਬੱਸ ਥੱਲਿਓ ਕੱਢਿਆ ਗਿਆ, ਜਿਸਦੀਆਂ ਦੋਵੇਂ ਲੱਤਾਂ ਕਾਫੀ ਨੁਕਸਾਨੀਆਂ ਗਈਆਂ ਸਨ।
ਇਹ ਹਾਦਸਾ ਅੱਜ ਸਵੇਰੇ ਕਰੀਬ 3 ਵਜੇ ਦੇ ਕਰੀਬ ਵਾਪਰਿਆ ਜਦੋਂ ਬੱਸ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ। ਜਿਵੇਂ ਹੀ ਬੱਸ ਕਸਬਾ ਘੱਗਾ ਵਿਚ ਦਾਖਲ ਹੋਈ ਤਾਂ ਅਤਾਲਾਂ ਮੋੜ ਤੋਂ ਥੋੜ੍ਹਾ ਅੱਗੇ ਬੱਸ ਬਿਜਲੀ ਦੇ ਖੰਭਿਆਂ ਨਾਲ ਟਕਰਾ ਕੇ ਇੱਕ ਪਾਸੇ ਪਲਟ ਗਈ। ਜਿਸ ਵਿਚ ਕੁਝ ਬੱਚੇ ਵੀ ਸਵਾਰ ਸਨ। ਬੱਸ ਪਲਟਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਪੜਤਾਲ ਕਰ ਰਹੇ ਥਾਣੇਦਾਰ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਜ਼ਖਮੀ ਵਿਅਕਤੀਆਂ ਦਾ ਇਲਾਜ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਕੁਝ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਹੈ।
