ਪਾਤੜਾਂ ’ਚ ਟਾਹਲੀਆਂ ਵੱਢਣ ਦੇ ਮਾਮਲੇ ’ਚ ‘ਜਗ ਬਾਣੀ’ ਦੀ ਸੁਰਖ਼ੀ ਤੋਂ ਬਾਅਦ ਹਰਕਤ ’ਚ ਆਇਆ ਪ੍ਰਸ਼ਾਸਨ
Thursday, May 14, 2026 - 04:37 PM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਪਾਤੜਾਂ-ਪਟਿਆਲਾ ਮੁੱਖ ਮਾਰਗ ’ਤੇ ਇਕ ਨਿੱਜੀ ਪ੍ਰਾਪਰਟੀ ਦੀ ਵਪਾਰਕ ਦਿੱਖ ਸੁਧਾਰਨ ਲਈ ਵਣ ਵਿਭਾਗ ਦੀਆਂ ‘ਟਾਹਲੀਆਂ’ 'ਤੇ ਕੁਹਾੜੀ ਚਲਾਉਣ ਦੇ ਸੰਗੀਨ ਮਾਮਲੇ ਵਿਚ ‘ਜਗ ਬਾਣੀ’ ਵਿਚ ਪ੍ਰਕਾਸ਼ਿਤ ਖ਼ਬਰ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਖ਼ਬਰ ਨਸ਼ਰ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਵਣ ਮੰਡਲ ਅਫ਼ਸਰ ਪਟਿਆਲਾ ਨੇ ਇਸ ਨੂੰ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੀ ਸਿੱਧੀ ਅਵੱਗਿਆ ਮੰਨਦਿਆਂ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਸੀਨੀਅਰ ਪੁਲਸ ਕਪਤਾਨ (SSP), ਪਟਿਆਲਾ ਨੂੰ ਲਿਖਤੀ ਪੱਤਰ ਭੇਜ ਕੇ ਕਥਿਤ ਦੋਸ਼ੀ ਵਿਰੁੱਧ ਤੁਰੰਤ ਫੌਜਦਾਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਸਿਫਾਰਸ਼ ਕੀਤੀ ਹੈ।
ਵਣ ਵਿਭਾਗ ਦੇ ਪੱਤਰ ਨੇ ਕੀਤੀ ਪੁਸ਼ਟੀ
ਜ਼ਿਲ੍ਹਾ ਵਣ ਮੰਡਲ ਅਫ਼ਸਰ ਪਟਿਆਲਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਵਿਭਾਗ ਵੱਲੋਂ ਜਾਰੀ ਅਧਿਕਾਰਤ ਪੱਤਰ (ਨੰਬਰ 1060, ਮਿਤੀ 06/05/26) ਅਨੁਸਾਰ, ਚੰਡੀਗੜ੍ਹ-ਹਿਸਾਰ ਸੜਕ ’ਤੇ ਕਿਲੋਮੀਟਰ 123-124 ਦਰਮਿਆਨ ਵਣ ਰਕਬੇ ਵਿਚੋਂ ਨਾਜਾਇਜ਼ ਤੌਰ 'ਤੇ ਰਸਤਾ ਬਣਾਉਣ ਦੀ ਨੀਅਤ ਨਾਲ ‘ਸੀਸਮ’ (ਟਾਹਲੀ) ਦੇ 2 ਹਰੇ-ਭਰੇ ਦਰਖ਼ਤਾਂ ਦੀ ਕਟਾਈ ਕੀਤੀ ਗਈ ਸੀ। ਵਿਭਾਗ ਅਨੁਸਾਰ ਇਹ ਕਾਰਵਾਈ ਨਾ ਸਿਰਫ਼ ਵਾਤਾਵਰਣ ਦਾ ਘਾਣ ਹੈ, ਸਗੋਂ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਪੱਸ਼ਟ ਉਲੰਘਣਾ ਹੈ।
DFO ਪਟਿਆਲਾ ਨੇ ਆਪਣੇ ਪੱਤਰ ਵਿਚ ਕਥਿਤ ਦੋਸ਼ੀ ਪਰਮਜੀਤ ਸਿੰਘ (ਪੁੱਤਰ ਚੜ੍ਹਤ ਸਿੰਘ) ਵਾਸੀ ਪਾਤੜਾਂ ਵਿਰੁੱਧ ਵਣ ਐਕਟ (IFA) 1927 ਦੀਆਂ ਧਾਰਾਵਾਂ 29, 30, 32, 33, 63 ਅਤੇ ਫੋਰੈਸਟ ਕੰਜ਼ਰਵੇਸ਼ਨ ਐਕਟ (FCA) 1980 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਪੱਤਰ ਵਿਚ ਸਪੱਸ਼ਟ ਜ਼ਿਕਰ ਹੈ ਕਿ ਵਣ ਰਕਬੇ ਨਾਲ ਛੇੜਛਾੜ ਅਤੇ ਸਰਕਾਰੀ ਦਰਖ਼ਤਾਂ ਨੂੰ ਨੁਕਸਾਨ ਪਹੁੰਚਾਉਣਾ ਇਕ ਗੰਭੀਰ ਜ਼ੁਰਮ ਹੈ। ਇਸ ਦੇ ਨਾਲ ਹੀ, ਵਿਭਾਗ ਦੇ ਸਬੰਧਿਤ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਦੀ ਜਾਂਚ ਦੇ ਨਿਰਦੇਸ਼ ਰੇਂਜ ਅਫ਼ਸਰ ਨੂੰ ਦੇ ਦਿੱਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਮੁਲਾਜ਼ਮ ਦੀ ਭੂਮਿਕਾ ਸ਼ੱਕੀ ਪਾਈ ਗਈ, ਤਾਂ ਉਸ ਵਿਰੁੱਧ ਵੀ ਵਿਭਾਗੀ ਗਾਜ਼ ਡਿੱਗਣੀ ਤੈਅ ਹੈ।
