ਰਿਸ਼ਵਤ ਲੈਣ ਦੇ ਇਲਜ਼ਾਮ ’ਚ ਪਲੈਨਿੰਗ ਅਫ਼ਸਰ ਸਣੇ ਪੁੱਡਾ ਦੇ 3 ਮੁਲਾਜ਼ਮ ਕਾਬੂ

Tuesday, Jul 04, 2023 - 01:01 PM (IST)

ਰਿਸ਼ਵਤ ਲੈਣ ਦੇ ਇਲਜ਼ਾਮ ’ਚ ਪਲੈਨਿੰਗ ਅਫ਼ਸਰ ਸਣੇ ਪੁੱਡਾ ਦੇ 3 ਮੁਲਾਜ਼ਮ ਕਾਬੂ

ਫਤਿਹਗੜ੍ਹ ਸਾਹਿਬ/ਚੰਡੀਗੜ੍ਹ/ਜਲੰਧਰ (ਸੁਰੇਸ਼, ਮੱਗੋ, ਰਮਨਜੀਤ ਸਿੰਘ, ਧਵਨ) : ਸੂਬੇ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਟਾਊਨ ਪਲਾਨਰ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਵਿਖੇ ਤਾਇਨਾਤ ਪਲੈਨਿੰਗ ਅਫ਼ਸਰ ਮਨਵੀਰ ਸਿੰਘ ਅਤੇ 2 ਹੋਰ ਮੁਲਾਜ਼ਮਾਂ ਨੂੰ ਅਮਲੋਹ ਦੇ ਇਕ ਵਸਨੀਕ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ 2 ਹੋਰ ਮੁਲਜ਼ਮਾਂ ਦੀ ਪਛਾਣ ਜੂਨੀਅਰ ਇੰਜੀਨੀਅਰ (ਜੇ. ਈ.) ਧਿਕਸ਼ੂ ਸੈਣੀ ਅਤੇ ਡਰਾਈਵਰ ਤੇਜਿੰਦਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬਲਰਾਮ ਕੁਮਾਵਤ ਵਾਸੀ ਅਮਲੋਹ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ’ਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਰੈਲੀ ਦੀ ਤਿਆਰੀ, ਗੂੜ੍ਹੀ ਨੀਂਦ ਸੁੱਤੀ ਟਰੂਡੋ ਸਰਕਾਰ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੁੱਡਾ ਦੇ ਉਕਤ ਮੁਲਾਜ਼ਮਾਂ ਨੇ ਉਸ ਦੇ ਮਕਾਨ ਅਤੇ ਦੁਕਾਨ, ਜੋ ਉਨ੍ਹਾਂ ਮੁਤਾਬਕ ਗ਼ੈਰਕਾਨੂੰਨੀ ਢੰਗ ਨਾਲ ਉਸਾਰੇ ਗਏ ਹਨ, ਨੂੰ ਨਾ ਢਾਹੁਣ ਬਦਲੇ 1,50,000 ਰੁਪਏ ਰਿਸ਼ਵਤ ਮੰਗੀ ਸੀ। ਸੌਦਾ 40,000 ਰੁਪਏ ’ਚ ਤੈਅ ਹੋਇਆ ਅਤੇ ਇਸ ’ਚੋਂ ਉਹ ਪਹਿਲਾਂ ਹੀ ਉਸ ਕੋਲੋਂ 30,000 ਰੁਪਏ ਰਿਸ਼ਵਤ ਲੈ ਚੁੱਕੇ ਹਨ।

ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੀ ਟੀਮ ਨੇ ਟ੍ਰੈਪ ਲਗਾ ਕੇ ਡਰਾਈਵਰ ਤੇਜਿੰਦਰ ਸਿੰਘ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਪਾਸੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ’ਚ ਉਕਤ ਪਲੈਨਿੰਗ ਅਫ਼ਸਰ ਅਤੇ ਜੇ. ਈ. ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਪਲੈਨਿੰਗ ਅਫਸਰ, ਜੇ. ਈ. ਅਤੇ ਡਰਾਈਵਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Harnek Seechewal

Content Editor

Related News