‘ਫਾਈਟਰ’ ਦਾ ਟਰੇਲਰ ਦੇਖ ਭੜਕੇ ਪਾਕਿਸਤਾਨੀ ਕਲਾਕਾਰ, ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤ ਫੈਲਾਉਣ ਦੀ ਆਖੀ ਗੱਲ
Thursday, Jan 18, 2024 - 12:21 PM (IST)
ਮੁੰਬਈ (ਬਿਊਰੋ)– ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਫਾਈਟਰ’ ਦਾ ਟਰੇਲਰ 15 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਮੇਕਰਸ ਨੇ ਜਿਵੇਂ ਹੀ ਇਸ ਨੂੰ ਰਿਲੀਜ਼ ਕੀਤਾ, ਇਹ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗਾ। ਏਰੀਅਲ ਐਕਸ਼ਨ ਦਾ ਮਤਲਬ ਹੈ ਹਵਾ ’ਚ ਬਹੁਤ ਸਾਰੇ ਐਕਸ਼ਨ ਸੀਨਜ਼, ਦੀਪਿਕਾ ਤੇ ਰਿਤਿਕ ਦੇ ਰੋਮਾਂਸ ਦੇ ਨਾਲ ਤੇ ਸਭ ਤੋਂ ਮਹੱਤਵਪੂਰਨ, ਪਾਕਿਸਤਾਨ ਨੂੰ ਕਰਾਰਾ ਜਵਾਬ, ਸਭ ਕੁਝ ਦੇਖਿਆ ਗਿਆ।
ਦਰਅਸਲ ਫ਼ਿਲਮ 2019 ’ਚ ਪੁਲਵਾਮਾ ਹਮਲੇ ਤੇ ਉਸ ਤੋਂ ਬਾਅਦ ਹੋਏ ਹਵਾਈ ਹਮਲੇ ਬਾਰੇ ਹੈ। ਅਜਿਹੇ ਬਹੁਤ ਸਾਰੇ ਡਾਇਲਾਗਸ ਹਨ, ਜਿਨ੍ਹਾਂ ਨੂੰ ਸੁਣ ਕੇ ਪਾਕਿਸਤਾਨੀ ਲੋਕਾਂ ਨੂੰ ਮਿਰਚ ਲੱਗ ਰਹੀ ਹੈ। ‘ਫਾਈਟਰ’ ਦੇ ਟਰੇਲਰ ’ਤੇ ਪਾਕਿਸਤਾਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਰਮਾਤਾ ਇਸ ਰਾਹੀਂ ਨਫ਼ਰਤ ਫੈਲਾ ਰਹੇ ਹਨ। ਪਾਕਿਸਤਾਨੀਆਂ ਨੂੰ ਵਿਲੇਨ ਬਣਾ ਕੇ ਦਿਖਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ
ਸਾਲ 2019 ’ਚ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ’ਚ 40 ਭਾਰਤੀ ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਬਾਅਦ ਭਾਰਤ ਵਲੋਂ ਹਵਾਈ ਹਮਲਾ ਕੀਤਾ ਗਿਆ ਤੇ ਅੱਤਵਾਦੀ ਮਾਰੇ ਗਏ। ਫ਼ਿਲਮ ’ਚ ਰਿਤਿਕ ਏਅਰ ਫੋਰਸ ਦੇ ਸਿਪਾਹੀ ਦੀ ਭੂਮਿਕਾ ਨਿਭਾਅ ਰਹੇ ਹਨ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਤੇ ਭਾਰਤ ਦੇ ਅਧਿਕਾਰ ਦਾ ਦਾਅਵਾ ਕਰਦੇ ਹਨ। ਉਹ ਪੂਰੇ ਗੁਆਂਢੀ ਦੇਸ਼ ਨੂੰ IOP ਯਾਨੀ ‘ਭਾਰਤੀ ਕਬਜ਼ੇ ਵਾਲੇ ਪਾਕਿਸਤਾਨ’ ’ਚ ਬਦਲਣ ਦੀ ਧਮਕੀ ਦਿੰਦੇ ਹਨ।
ਇਹ ਬਿਰਤਾਂਤ ਬਹੁਤ ਪੁਰਾਣਾ ਹੈ : ਜ਼ਾਰਾ
‘ਫਾਈਟਰ’ ਦੇ ਟਰੇਲਰ ’ਤੇ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨੀ ਅਦਾਕਾਰਾ ਜ਼ਾਰਾ ਨੂਰ ਅੱਬਾਸ ਨੇ ਕਿਹਾ, ‘‘ਰਿਤਿਕ ਰੌਸ਼ਨ ਨੂੰ ਇਹ ਕਹਿੰਦਿਆਂ ਦੇਖਣਾ ਫਨੀ ਹੈ ਕਿ ਭਾਰਤ ਕਸ਼ਮੀਰ ਦਾ ਮਾਲਕ ਹੈ ਤੇ ਪਾਕਿਸਤਾਨ ਨੇ ਕਸ਼ਮੀਰ ’ਤੇ ਕਬਜ਼ਾ ਕਰ ਲਿਆ ਹੈ। ਕੀ ਕੋਈ ਕਸ਼ਮੀਰੀਆਂ ਨੂੰ ਪੁੱਛਣਾ ਚਾਹੇਗਾ ਕਿ ਉਹ ਕਿਸ ਦੇ ਗੁਲਾਮ ਹਨ? ਕਿਉਂਕਿ ਉਹ ਕਿਸੇ ਦਾ ਗੁਲਾਮ ਨਹੀਂ ਹੈ। ਕਸ਼ਮੀਰੀ ਇਕ ਸੁਤੰਤਰ ਰਾਜ ਦੇ ਹੱਕਦਾਰ ਹਨ, ਫੁੱਲ ਸਟਾਪ। ਭਾਰਤ ਨੂੰ ਕਸ਼ਮੀਰੀਆਂ ਨੂੰ ਗੁਲਾਮ ਬਣਾਉਣ ਦੇ ਆਪਣੇ ਹੱਕ ਤੋਂ ਅੱਗੇ ਵਧਣ ਦੀ ਲੋੜ ਹੈ। ਇਹ ਬਿਰਤਾਂਤ ਬਹੁਤ ਪੁਰਾਣਾ ਹੈ।’’
‘ਫਾਈਟਰ’ ਨੂੰ ਦੱਸਿਆ ‘ਟਾਪ ਗੰਨ’ ਦੀ ਨਕਲ
ਜ਼ਾਰਾ ਨੂਰ ਅੱਬਾਸ ਇਥੇ ਹੀ ਨਹੀਂ ਰੁਕੀ। ਉਸ ਨੇ ਅੱਗੇ ਕਿਹਾ, ‘‘ਜੇ ਤੁਸੀਂ ‘ਟਾਪ ਗੰਨ’ ਦੀ ਨਕਲ ਕਰਨ ਜਾ ਰਹੇ ਸੀ ਤਾਂ ਤੁਹਾਨੂੰ ਇਕ ਬਿਹਤਰ ਕੰਮ ਕਰਨਾ ਚਾਹੀਦਾ ਸੀ। ਕਿਸੇ ਹੋਰ ਵਿਸ਼ੇ ਬਾਰੇ ਗੱਲ ਕਰੋ। ਜਿਵੇਂ ਕਿ ਇਕ ਨਟ ਤੇ ਬੋਲਟ ਬਾਰੇ ਗੱਲ ਕਰਨਾ, ਜਿਸ ਨੂੰ ਜਹਾਜ਼ ’ਚ ਫਿਕਸ ਨਹੀਂ ਕੀਤਾ ਜਾ ਰਿਹਾ ਹੈ ਪਰ ਆਓ ਇਸ ਤੱਥ ਤੋਂ ਬਾਹਰ ਨਿਕਲੀਏ ਕਿ ਪਾਕਿਸਤਾਨ ਭਾਰਤ ’ਤੇ ਕਬਜ਼ਾ ਕਰ ਸਕਦਾ ਹੈ ਜਾਂ ਭਾਰਤ ਪਾਕਿਸਤਾਨ ’ਤੇ ਕਬਜ਼ਾ ਕਰ ਸਕਦਾ ਹੈ ਕਿਉਂਕਿ ਆਖਿਰਕਾਰ ਅਸੀਂ ਇਕ ਹਾਂ ਤਾਂ ਕੀ ਕਿਸੇ ਕਿਸਮ ਦਾ ਪਿਆਰ ਜਗਾਉਣਾ ਜ਼ਿਆਦਾ ਬਿਹਤਰ ਨਹੀਂ ਹੈ? ਪਰ ਨਹੀਂ, ਤੁਸੀਂ ਅਜਿਹਾ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਬੇਸ਼ੱਕ ਮੋਦੀ ਤੁਹਾਨੂੰ ਅਜਿਹਾ ਨਹੀਂ ਕਰਨ ਦੇਣਗੇ, ਠੀਕ ਹੈ?’’
ਪੁਰਾਣੀਆਂ ਚੀਜ਼ਾਂ ਵੇਚ ਕੇ ਥੱਕੇਦ ਨਹੀਂ ਹੋ : ਅਸਦ
ਜ਼ਾਰਾ ਦੇ ਪਤੀ ਤੇ ਅਦਾਕਾਰ ਅਸਦ ਸਿੱਦੀਕੀ ਨੇ ਵੀ ਨਫ਼ਰਤ ਫੈਲਾਉਣ ਲਈ ‘ਫਾਈਟਰ’ ਦੇ ਨਿਰਮਾਤਾਵਾਂ ਦੀ ਨਿੰਦਿਆ ਕੀਤੀ ਹੈ। ਉਸ ਨੇ ਕਿਹਾ, ‘‘ਅੱਗੇ ਵਧੋ। ਕੀ ਤੁਸੀਂ ਉਹੀ ਪੁਰਾਣੀਆਂ ਨਕਲੀ ਚੀਜ਼ਾਂ ਵੇਚ ਕੇ ਥੱਕਦੇ ਨਹੀਂ ਹੋ? ਸੰਸਾਰ ਤਰੱਕੀ ਤੇ ਪਰਿਪੱਕ ਹੋ ਰਿਹਾ ਹੈ। ਤੁਸੀਂ ਸ਼ਾਂਤੀ ਨੂੰ ਵੀ ਵਧਾ ਸਕਦੇ ਹੋ। ਕੀ ਦੁਨੀਆ ’ਚ ਨਫ਼ਰਤ ਘੱਟ ਨਹੀਂ ਹੈ, ਜਿਸ ਨੂੰ ਤੁਸੀਂ ਗਲੋਬਲ ਮੀਡੀਅਮ ਫ਼ਿਲਮਾਂ ਰਾਹੀਂ ਹੋਰ ਵਧਾ ਰਹੇ ਹੋ।’’
#FighterMovie #stopgenerationalhate pic.twitter.com/KmmyE6ydwm
— Asad Siddiqui (@AsadSiddiqui_) January 15, 2024
ਮਿਗ-21 ਦਾ ਕੀਤਾ ਜ਼ਿਕਰ
ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਅੱਗੇ ਲਿਖਿਆ, ‘‘ਨਫ਼ਰਤ ਦੀ ਬਜਾਏ ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੁਸੀਂ ਇਸ ਫ਼ਿਲਮ ਨਾਲ ਕੀ ਸਾਬਤ ਕਰਨਾ ਚਾਹੁੰਦੇ ਹੋ? ਉਨ੍ਹਾਂ ਤੱਥਾਂ ਦੀ ਜਾਂਚ ਕਰੋ, ਜਿਨ੍ਹਾਂ ਬਾਰੇ ਦੁਨੀਆ ਜਾਣਦੀ ਹੈ। ਤੁਸੀਂ ਆਏ ਤੇ ਅਸੀਂ ਤੁਹਾਡੇ ਮਿਗ-21 ਨੂੰ ਗੋਲੀ ਮਾਰ ਕੇ ਤੁਹਾਡੇ ਪਾਇਲਟ ਨੂੰ ਫੜ ਲੈਂਦੇ ਹਾਂ ਤੇ ਫਿਰ ਅਸੀਂ ਉਸ ਨੂੰ ਪਿਆਰੀ ਚਾਹ ਦੇ ਕੱਪ ਨਾਲ ਛੱਡ ਦਿੰਦੇ ਹਾਂ। ਜਾਗੋ।’’
#FighterMovie #SpreadLove pic.twitter.com/VIoQG05yZ0
— Asad Siddiqui (@AsadSiddiqui_) January 15, 2024
ਦੋ ਗੁਆਂਢੀਆਂ ਵਿਚਾਲੇ ਨਫ਼ਰਤ ਫੈਲਾਉਣ ਦੀ ਕਹਾਣੀ
ਅਸਦ ਨੇ ਅੱਗੇ ਲਿਖਿਆ, ‘‘ਤੁਸੀਂ ਕਸ਼ਮੀਰੀਆਂ ਦੀ ਕਿਸਮਤ ਦਾ ਫ਼ੈਸਲਾ ਕਰਨ ਵਾਲੇ ਕੌਣ ਹੋ? ਦੁਨੀਆ ਦੇਖ ਰਹੀ ਹੈ ਕਿ ਤੁਸੀਂ ਦਹਾਕਿਆਂ ਤੋਂ ਉਨ੍ਹਾਂ ਬੇਕਸੂਰ ਲੋਕਾਂ ਨਾਲ ਕੀ ਕਰ ਰਹੇ ਹੋ। ਇਹ ਸਭ ਕਹਿਣ ਤੋਂ ਬਾਅਦ ਮੈਂ ਭਾਰਤ ’ਚ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਪਿਆਰ ਕਰਦਾ ਹਾਂ। ਬਿਨਾਂ ਕਿਸੇ ਕਾਰਨ ਦੋ ਗੁਆਂਢੀਆਂ ਵਿਚਾਲੇ ਨਫ਼ਰਤ ਫੈਲਾਉਣ ਦੀ ਇਹ ਕਹਾਣੀ ਉਨ੍ਹਾਂ ਲੋਕਾਂ ਦਾ ਅਪਮਾਨ ਕਰਨ ਵਾਲੀ ਹੈ, ਜਿਨ੍ਹਾਂ ਨੇ ਵਿਸ਼ਵ ਸ਼ਾਂਤੀ ਦੇ ਨਾਂ ’ਤੇ ਆਪਣੀਆਂ ਜਾਨਾਂ ਦਿੱਤੀਆਂ ਹਨ। ਅਜਿਹੀ ਸਮੱਗਰੀ ਬਣਾ ਕੇ ਸਮਾਂ ਬਰਬਾਦ ਨਾ ਕਰੋ। ਕਿਰਪਾ ਕਰਕੇ ਹੁਣ ਇਸ ਤੋਂ ਅੱਗੇ ਵਧੋ।’’
ਪਾਕਿਸਤਾਨੀਆਂ ਨੂੰ ਵਿਲੇਨ ਦਿਖਾਉਣਾ ਨਿਰਾਸ਼ਾਜਨਕ
ਫ਼ਿਲਮ ਦਾ ਨਾਂ ਲਏ ਬਿਨਾਂ ਅਦਨਾਨ ਸਿੱਦੀਕੀ ਨੇ ਕਿਹਾ ਕਿ ਬਾਲੀਵੁੱਡ ਲਈ ਪਾਕਿਸਤਾਨੀਆਂ ਨੂੰ ਵਿਲੇਨ ਵਜੋਂ ਦਿਖਾਉਣਾ ‘ਨਿਰਾਸ਼ਾਜਨਕ’ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, ‘‘ਬਾਲੀਵੁੱਡ, ਜੋ ਕਦੇ ਪਿਆਰ ਦਾ ਜਸ਼ਨ ਮਨਾਉਂਦਾ ਸੀ, ਹੁਣ ਨਫ਼ਰਤ ਨਾਲ ਭਰੀਆਂ ਕਹਾਣੀਆਂ ਬਣਾ ਰਿਹਾ ਹੈ। ਸਾਨੂੰ ਵਿਲੇਨ ਬਣਾ ਕੇ ਦਿਖਾ ਰਹੇ ਹਨ। ਦੋ ਦੇਸ਼, ਰਾਜਨੀਤੀ ਦੇ ਸ਼ਿਕਾਰ, ਬਿਹਤਰ ਦੇ ਹੱਕਦਾਰ ਹਨ।’’
Once celebrated for love, Bollywood now crafts hate-filled narratives, portraying us as villains. Despite our love for your films, it's disheartening. Art transcends boundaries; let's use it to promote love and peace. Two nations, victims of politics, deserve better.
— Adnan Siddiqui (@adnanactor) January 16, 2024
ਹਾਨੀਆ ਆਮਿਰ ਨੇ ਪ੍ਰਗਟਾਇਆ ਦੁੱਖ
ਮਸ਼ਹੂਰ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਇੰਸਟਾਗ੍ਰਾਮ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਬਾਲੀਵੁੱਡ ਅਦਾਕਾਰਾਂ ਨੂੰ ਫ਼ਿਲਮਾਂ ਰਾਹੀਂ ‘ਦੋਵਾਂ ਦੇਸ਼ਾਂ ਵਿਚਾਲੇ ਦਰਾਰ ਨੂੰ ਵਧਾਉਣ ਵਾਲਾ’ ਕਿਹਾ। ਹਾਨੀਆ ਆਮਿਰ ਨੇ ਲਿਖਿਆ, ‘‘ਇਹ ਜਾਣ ਕੇ ਬਹੁਤ ਦੁੱਖ ਹੋਇਆ ਤੇ ਇਹ ਮੰਦਭਾਗਾ ਹੈ ਕਿ ਇਸ ਦਿਨ ਤੇ ਯੁੱਗ ’ਚ ਅਜਿਹੇ ਅਦਾਕਾਰ ਹਨ, ਜੋ ਸਿਨੇਮਾ ਦੀ ਤਾਕਤ ਬਾਰੇ ਜਾਣਦੇ ਹਨ ਤੇ ਫਿਰ ਵੀ ਦੋਵਾਂ ਦੇਸ਼ਾਂ ਵਿਚਾਲੇ ਦਰਾਰ ਪੈਦਾ ਕਰਨ ਲਈ ਅੱਗੇ ਵਧਦੇ ਹਨ। ਮੈਨੂੰ ਕਲਾਕਾਰ ਲਈ ਬੁਰਾ ਲੱਗਦਾ ਹੈ।’’
25 ਜਨਵਰੀ ਨੂੰ ਹੋਵੇਗੀ ਰਿਲੀਜ਼
‘ਫਾਈਟਰ’ ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ ਤੇ ਅਨਿਲ ਕਪੂਰ ਤੋਂ ਇਲਾਵਾ ਕਰਨ ਸਿੰਘ ਗਰੋਵਰ, ਅਕਸ਼ੇ ਓਬਰਾਏ, ਆਸ਼ੂਤੋਸ਼ ਰਾਣਾ ਤੇ ਸੰਜੀਦਾ ਸ਼ੇਖ ਵੀ ਹਨ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ, ਜਿਨ੍ਹਾਂ ਦੀ ‘ਪਠਾਨ’ ਤੇ ‘ਵਾਰ’ ਵਰਗੀਆਂ ਫ਼ਿਲਮਾਂ ਨੇ ਪਹਿਲਾਂ ਵੀ ਕਮਾਲ ਕੀਤਾ ਹੈ। ਇਹ ਫ਼ਿਲਮ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ 25 ਜਨਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।