ਪਾਕਿ 'ਚ ਮਾਸਕ ਨਾ ਪਾਉਣ ਵਾਲਿਆਂ ਨੂੰ ਲੱਗਦੈ ਬਿਜਲੀ ਦਾ ਝਟਕਾ!
Thursday, Jun 11, 2020 - 10:37 AM (IST)
 
            
            ਗੁਰਦਾਸਪੁਰ (ਵਿਨੋਦ) : ਪਾਕਿਸਤਾਨ 'ਚ ਕੋਵਿਡ-19 ਤੋਂ ਬਚਣ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਬਿਜਲੀ ਦੇ ਝਟਕੇ ਦੇਣ ਦਾ ਕੁਝ ਸ਼ਹਿਰਾਂ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਜਦਕਿ ਕੁਝ ਲੋਕ ਪਾਕਿਸਤਾਨ ਪੁਲਸ ਦੀ ਇਸ ਕਾਰਵਾਈ ਦਾ ਸਮਰਥਨ ਕਰ ਰਹੇ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1,16,200 ਤਕ ਪਹੁੰਚ ਗਈ ਹੈ, ਜਦਕਿ ਇਸ ਮਹਾਮਾਰੀ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੀ 2300 ਤਕ ਪਹੁੰਚ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਮੂੰਹ 'ਤੇ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਦੇ। ਇਸ ਕਾਰਣ ਪਾਕਿਸਤਾਨ ਦੇ ਕੁਝ ਪ੍ਰਮੁੱਖ ਸ਼ਹਿਰਾਂ 'ਚ ਹੁਣ ਪੁਲਸ ਕੋਲ ਅਜਿਹਾ ਉਪਕਰਨ ਦਿਖਾਈ ਦਿੰਦਾ ਹੈ, ਜਿਸ ਨਾਲ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਬਿਜਲੀ ਦੇ ਕਰੰਟ ਦਾ ਝਟਕਾ ਲਾਇਆ ਜਾਂਦਾ ਹੈ। ਪੁਲਸ ਕਰਮਚਾਰੀ ਇਹ ਉਪਕਰਨ, ਜਿਸ 'ਚ ਬੈਟਰੀ ਹੁੰਦੀ ਹੈ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਲਾਉਂਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਕਰੰਟ ਲੱਗਦਾ ਹੈ।
ਪਾਕਿਸਤਾਨ ਦੇ ਲਾਹੌਰ, ਕਰਾਚੀ, ਇਸਲਾਮਾਬਾਦ ਸਮੇਤ ਕੁਝ ਹੋਰ ਸ਼ਹਿਰਾਂ ਦੇ ਪ੍ਰਮੁੱਖ ਚੌਕਾਂ 'ਚ ਪੁਲਸ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰਨ ਲਈ ਇਹ ਵਿਧੀ ਅਪਣਾ ਰਹੀ ਹੈ। ਪੁਲਸ ਦੀ ਇਸ ਪ੍ਰਣਾਲੀ ਦਾ ਕੁਝ ਸਥਾਨਾਂ 'ਤੇ ਵਿਰੋਧ ਵੀ ਹੋ ਰਿਹਾ ਹੈ, ਜਦਕਿ ਪੁਲਸ ਇਸ ਨੂੰ ਠੀਕ ਮੰਨ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            