ਦੱਖਣੀ ਅਫਰੀਕਾ ਤੋਂ ਫਰਾਰ 'ਗੁਪਤਾ ਭਰਾ' ਦੁਬਈ 'ਚ ਗ੍ਰਿਫ਼ਤਾਰ, ਹੋਈ ਪੁਸ਼ਟੀ

Tuesday, Jun 07, 2022 - 11:11 AM (IST)

ਦੱਖਣੀ ਅਫਰੀਕਾ ਤੋਂ ਫਰਾਰ 'ਗੁਪਤਾ ਭਰਾ' ਦੁਬਈ 'ਚ ਗ੍ਰਿਫ਼ਤਾਰ, ਹੋਈ ਪੁਸ਼ਟੀ

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਗੁਪਤਾ ਭਰਾਵਾਂ (ਰਾਜੇਸ਼ ਅਤੇ ਅਤੁਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੇ ਸ਼ਾਸਨ ਦੌਰਾਨ ਸਿਆਸੀ ਭ੍ਰਿਸ਼ਟਾਚਾਰ ਦੇ ਕੇਂਦਰ ਵਿੱਚ ਸਨ। ਦੋਵੇਂ ਭਰਾਵਾਂ ਨੂੰ ਦੁਬਈ 'ਚ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤੀਜੇ ਭਰਾ ਅਜੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਇਹ ਗ੍ਰਿਫ਼ਤਾਰੀ ਇੰਟਰਪੋਲ ਦੁਆਰਾ ਪਿਛਲੇ ਸਾਲ ਜੁਲਾਈ 'ਚ ਗੁਪਤਾ ਭਰਾਵਾਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਜਾਣ ਤੋਂ ਲਗਭਗ ਇਕ ਸਾਲ ਬਾਅਦ ਹੋਈ ਹੈ। 

ਗੁਪਤਾ ਭਰਾਵਾਂ 'ਤੇ ਆਰਥਿਕ ਲਾਭ ਹਾਸਲ ਕਰਨ ਅਤੇ ਉੱਚ ਅਹੁਦਿਆਂ 'ਤੇ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨਾਲ ਆਪਣੇ ਸਬੰਧਾਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਹਾਲਾਂਕਿ ਗੁਪਤਾ ਭਰਾਵਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤਾ ਪਰਿਵਾਰ 2018 ਵਿੱਚ ਦੱਖਣੀ ਅਫ਼ਰੀਕਾ ਵਿੱਚ ਸਰਕਾਰੀ-ਸੰਬੰਧਿਤ ਅਦਾਰਿਆਂ ਵਿੱਚ ਅਰਬਾਂ ਰੈਂਡ (ਦੱਖਣੀ ਅਫ਼ਰੀਕੀ ਮੁਦਰਾ) ਦਾ ਘੁਟਾਲਾ ਕਰਨ ਤੋਂ ਬਾਅਦ ਸਵੈ-ਨਿਰਵਾਸ ਵਿੱਚ ਦੁਬਈ ਚਲਾ ਗਿਆ ਸੀ। ਦੱਖਣੀ ਅਫ਼ਰੀਕਾ ਦੇ ਨਿਆਂ ਅਤੇ ਸੁਧਾਰ ਸੇਵਾਵਾਂ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨਿਆਂ ਅਤੇ ਸੁਧਾਰ ਸੇਵਾਵਾਂ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਯੂ.ਏ.ਈ. ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਹੈ ਕਿ ਭਗੌੜੇ ਰਾਜੇਸ਼ ਅਤੇ ਅਤੁਲ ਗੁਪਤਾ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਭਾਗ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਅਤੇ ਦੱਖਣੀ ਅਫ਼ਰੀਕਾ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਅੱਗੇ ਦੀ ਕਾਰਵਾਈ ਲਈ ਚਰਚਾ ਜਾਰੀ ਹੈ। ਦੱਖਣੀ ਅਫ਼ਰੀਕਾ ਦੀ ਸਰਕਾਰ ਯੂ.ਏ.ਈ. ਨਾਲ ਸਹਿਯੋਗ ਕਰਨਾ ਜਾਰੀ ਰੱਖੇਗੀ। 

ਪੜ੍ਹੋ ਇਹ ਅਹਿਮ ਖ਼ਬਰ - ਰੂਸ ਦਾ ਨਵਾਂ ਕਦਮ, 61 ਅਮਰੀਕੀ ਨਾਗਰਿਕਾਂ 'ਤੇ ਲਗਾਈਆਂ ਪਾਬੰਦੀਆਂ 

ਇੰਟਰਪੋਲ ਨੇ ਗੁਪਤਾ ਭਰਾਵਾਂ ਵਿਰੁੱਧ ਰੈੱਡ ਨੋਟਿਸ ਜਾਰੀ ਕੀਤਾ ਸੀ, ਜੋ ਪਹਿਲਾਂ ਹੀ ਅਮਰੀਕਾ ਅਤੇ ਯੂਕੇ ਦੁਆਰਾ ਲੋੜੀਂਦੇ ਘੋਸ਼ਿਤ ਕੀਤੇ ਗਏ ਸਨ। ਲੰਬੇ ਸਮੇਂ ਤੋਂ ਲੋੜੀਂਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੁਚੇਤ ਕਰਨ ਲਈ ਵਿਸ਼ਵ ਪੱਧਰ 'ਤੇ ਰੈੱਡ ਨੋਟਿਸ ਜਾਰੀ ਕੀਤੇ ਜਾਂਦੇ ਹਨ। ਗੁਪਤਾ ਪਰਿਵਾਰ 2018 ਵਿੱਚ ਦੱਖਣੀ ਅਫਰੀਕਾ ਛੱਡ ਗਿਆ ਸੀ। ਉਸੇ ਸਾਲ, ਅਫਰੀਕਨ ਨੈਸ਼ਨਲ ਕਾਂਗਰਸ (ਏਐਨਸੀ) ਨੇ ਜ਼ੂਮਾ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਵਿਆਪਕ ਵਿਰੋਧ ਦੇ ਕਾਰਨ ਸਿਰਿਲ ਰਾਮਾਫੋਸਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦਰਮਿਆਨ ਹਵਾਲਗੀ ਸੰਧੀ ਨਾ ਹੋਣ ਕਾਰਨ ਗੁਪਤਾ ਭਰਾਵਾਂ ਦੀ ਗ੍ਰਿਫ਼ਤਾਰੀ ਸਬੰਧੀ ਯੂਏਈ ਨਾਲ ਗੱਲਬਾਤ ਦਾ ਨਤੀਜਾ ਨਾ ਨਿਕਲਣ ਮਗਰੋਂ ਦੱਖਣੀ ਅਫ਼ਰੀਕਾ ਨੇ ਸੰਯੁਕਤ ਰਾਸ਼ਟਰ ਨੂੰ ਮੁਲਜ਼ਮਾਂ ਨੂੰ ਵਾਪਸ ਦੱਖਣੀ ਅਫ਼ਰੀਕਾ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-  ਪਾਕਿ 'ਚ ਸਿੱਖ ਸੰਗਤ ਦੀ ਵੱਡੀ ਪਹਿਲ, 'ਸਿੱਖੀ' ਸਿਖਾਉਣ ਵਾਲੇ ਪਹਿਲੇ ਸਕੂਲ ਦੀ ਰੱਖੀ ਨੀਂਹ

ਜੂਨ 2021 ਵਿੱਚ ਸੰਧੀ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ, ਦੱਖਣੀ ਅਫਰੀਕਾ ਨੇ ਗੁਪਤਾ ਭਰਾਵਾਂ ਦੀ ਹਵਾਲਗੀ ਦੀ ਬੇਨਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਕਈ ਗਵਾਹਾਂ ਨੇ ਜ਼ੂਮਾ ਦੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਵਜੋਂ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਵੱਡੇ ਘੁਟਾਲਿਆਂ ਅਤੇ ਕੈਬਨਿਟ ਮੰਤਰੀਆਂ ਦੀਆਂ ਨਿਯੁਕਤੀਆਂ ਵਿੱਚ ਗੁਪਤਾ ਭਰਾਵਾਂ ਦੀ ਭੂਮਿਕਾ ਹੋਣ ਦੀ ਗਵਾਹੀ ਦਿੱਤੀ। ਟੈਕਸ ਚੋਰੀ ਨੂੰ ਖ਼ਤਮ ਕਰਨ ਵਾਲੀ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵੇਨ ਡੁਵੇਨਹੇਜ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਪਤਾ ਭਰਾਵਾਂ ਨੇ ਦੇਸ਼ ਤੋਂ ਭੱਜਣ ਤੋਂ ਪਹਿਲਾਂ ਗੈਰ-ਕਾਨੂੰਨੀ ਤਰੀਕੇ ਨਾਲ ਲਗਭਗ 15 ਅਰਬ ਰੈਂਡ ਦੀ ਗੈਰ ਕਾਨੂੰਨੀ ਕਮਾਈ ਕੀਤੀ। 

ਮੂਲ ਰੂਪ ਵਿੱਚ ਭਾਰਤ ਦੇ ਸਹਾਰਨਪੁਰ ਦੇ ਰਹਿਣ ਵਾਲੇ ਗੁਪਤਾ ਪਰਿਵਾਰ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਦੱਖਣੀ ਅਫ਼ਰੀਕਾ ਪਹੁੰਚ ਕੇ ਬੂਟਾਂ ਦੀ ਦੁਕਾਨ ਖੋਲ੍ਹੀ ਸੀ। ਉਨ੍ਹਾਂ ਨੇ ਜਲਦੀ ਹੀ ਆਈਟੀ, ਮੀਡੀਆ ਅਤੇ ਮਾਈਨਿੰਗ ਕੰਪਨੀਆਂ ਨੂੰ ਸ਼ਾਮਲ ਕਰ ਕੇ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਵਿਕ ਚੁੱਕੀਆਂ ਹਨ ਜਾਂ ਬੰਦ ਹੋ ਗਈਆਂ ਹਨ। ਇਸ ਘਪਲੇ 'ਚ ਬੈਂਕ ਆਫ ਬੜੌਦਾ (BOB) ਦਾ ਨਾਂ ਵੀ ਆਇਆ ਸੀ। ਦੱਸਿਆ ਗਿਆ ਹੈ ਕਿ ਬੈਂਕ ਨੇ ਗੁਪਤਾ ਭਰਾਵਾਂ ਲਈ ਖਾਤੇ ਖੋਲ੍ਹ ਕੇ ਉਨ੍ਹਾਂ ਦੀ ਮਦਦ ਕੀਤੀ ਸੀ, ਜਦੋਂ ਦੱਖਣੀ ਅਫਰੀਕਾ ਦੇ ਸਾਰੇ ਬੈਂਕਾਂ ਨੇ ਪਰਿਵਾਰ ਨਾਲ ਲੈਣ-ਦੇਣ ਬੰਦ ਕਰ ਦਿੱਤਾ ਸੀ। BoB ਨੇ ਬਾਅਦ ਵਿੱਚ ਸੰਚਾਲਨ ਵਿੱਚ ਗਲੋਬਲ ਕਟੌਤੀ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਦੱਖਣੀ ਅਫ਼ਰੀਕੀ ਸ਼ਾਖਾਵਾਂ ਨੂੰ ਬੰਦ ਕਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News