CM ਰੇਖਾ ਗੁਪਤਾ ਨੂੰ ਮਿਲੇ ਆਰ. ਪੀ. ਸਿੰਘ, ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਕੀਤੀ ਮੰਗ
Sunday, Oct 19, 2025 - 12:00 PM (IST)

ਨਵੀਂ ਦਿੱਲੀ/ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ (CM) ਰੇਖਾ ਗੁਪਤਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ 1993 ਦੇ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਸੰਵੇਦਨਸ਼ੀਲਤਾ ਨਾਲ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਗੰਭੀਰ ਮਾਨਸਿਕ ਬੀਮਾਰੀ ਨਾਲ ਜੂਝ ਰਹੇ ਭੁੱਲਰ:
ਆਰ.ਪੀ. ਸਿੰਘ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਦਵਿੰਦਰ ਪਾਲ ਸਿੰਘ ਭੁੱਲਰ ਪਿਛਲੇ 14 ਸਾਲਾਂ ਤੋਂ ਗੰਭੀਰ ਮਾਨਸਿਕ ਬੀਮਾਰੀ 'ਸਕੀਜ਼ੋਫਰੀਨੀਆ' (Schizophrenia) ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਲਗਾਤਾਰ ਮਨੋਚਕਿਤਸਕ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਮੌਜੂਦਾ ਮਾਨਸਿਕ ਹਾਲਤ ਠੀਕ ਨਹੀਂ ਹੈ, ਉਹ ਨਾ ਤਾਂ ਕਿਸੇ ਨੂੰ ਪਛਾਣਦੇ ਹਨ ਅਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਦੇ ਹਨ। ਭੁੱਲਰ ਨੂੰ 2015 ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਨੋਰੋਗ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿੱਥੇ ਉਹ ਮੈਡੀਕਲ ਸੁਪਰਵੀਜ਼ਨ ਹੇਠ ਹਨ।
In compliance with the Hon’ble Delhi High Court’s order (15 Oct 2025), I have written to the Delhi CM @gupta_rekha seeking fresh consideration of the case of Davinder Pal Singh Bhullar before the Sentence Review Board.
— RP Singh National Spokesperson BJP (@rpsinghkhalsa) October 18, 2025
He has been undergoing intensive psychiatric treatment for… pic.twitter.com/yUr12rvQCz
ਉਮਰ ਕੈਦ ਵਿੱਚ ਬਦਲੀ ਗਈ ਸੀ ਫਾਂਸੀ ਦੀ ਸਜ਼ਾ:
ਦਵਿੰਦਰ ਪਾਲ ਸਿੰਘ ਭੁੱਲਰ ਇੱਕ ਸਾਬਕਾ ਇੰਜੀਨੀਅਰਿੰਗ ਪ੍ਰੋਫੈਸਰ ਹਨ, ਜਿਨ੍ਹਾਂ ਨੂੰ 1993 ਵਿੱਚ ਦਿੱਲੀ ਵਿੱਚ ਹੋਏ ਬੰਬ ਧਮਾਕੇ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਹ ਹਮਲਾ ਕਾਂਗਰਸ ਨੇਤਾ ਐਮ.ਐਸ. ਬਿੱਟਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਜਿਸ ਵਿੱਚ 9 ਲੋਕ ਮਾਰੇ ਗਏ ਸਨ ਅਤੇ 30 ਤੋਂ ਵੱਧ ਜ਼ਖਮੀ ਹੋਏ ਸਨ। ਸਾਲ 2001 ਵਿੱਚ ਟਾਡਾ ਕੋਰਟ ਨੇ ਭੁੱਲਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਸਾਲ 2014 ਵਿੱਚ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗੰਭੀਰ ਬੀਮਾਰੀ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮਨੁੱਖੀ ਆਧਾਰਾਂ 'ਤੇ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ।
'ਸਜ਼ਾ ਸਿਰਫ਼ ਤਕਲੀਫ਼ ਵਧਾਏਗੀ'
ਆਰ.ਪੀ. ਸਿੰਘ ਨੇ ਪੱਤਰ ਵਿੱਚ ਅੱਗੇ ਕਿਹਾ ਕਿ ਦਿੱਲੀ ਹਾਈਕੋਰਟ ਨੇ ਪਹਿਲਾਂ ਹੀ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਦਿੱਤੇ ਸਨ ਕਿ ਭੁੱਲਰ ਦੇ ਕੇਸ ਦੀ ਸਮੀਖਿਆ ਸੈਂਟੈਂਸ ਰੀਵਿਊ ਬੋਰ ਦੁਆਰਾ ਕੀਤੀ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਲੰਬੀ ਕੈਦ ਅਤੇ ਲਗਾਤਾਰ ਬੀਮਾਰੀ ਦੇ ਚਲਦੇ ਹੁਣ ਅੱਗੇ ਦੀ ਸਜ਼ਾ ਸਿਰਫ ਤਕਲੀਫ਼ ਵਧਾਏਗੀ। ਉਨ੍ਹਾਂ ਮੰਗ ਕੀਤੀ ਕਿ ਇਨਸਾਨੀਅਤ, ਹਮਦਰਦੀ ਅਤੇ ਮਨੁੱਖਤਾ ਦੇ ਆਧਾਰ 'ਤੇ ਭੁੱਲਰ ਦੇ ਕੇਸ 'ਤੇ ਜਲਦੀ ਮੁੜ ਵਿਚਾਰ ਕੀਤਾ ਜਾਵੇ। ਵੱਖ-ਵੱਖ ਸੰਗਠਨਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।