ਦੁਬਈ ਤੋਂ ਆਈ ਬੁਰੀ ਖ਼ਬਰ ਨੇ ਵਿਛਾ ਦਿੱਤੇ ਸੱਥਰ, ਪੰਜਾਬੀ ਮੁੰਡੇ ਦੀ ਮੌਤ, ਰੋ-ਰੋ ਕਮਲੇ ਹੋਏ ਮਾਪੇ (ਵੀਡੀਓ)
Tuesday, Oct 28, 2025 - 10:26 AM (IST)
ਖੰਨਾ (ਵਿਪਨ) : ਖੰਨਾ ਦੇ ਪਿੰਡ ਮਾਜਰੀ ਰਸੂਲੜਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਇਹ ਖ਼ਬਰ ਮਿਲੀ ਕਿ 35 ਸਾਲਾ ਨਵਜੋਤ ਸਿੰਘ ਔਜਲਾ ਦੀ ਦੁਬਈ 'ਚ ਮੌਤ ਹੋ ਗਈ ਹੈ। ਨਵਜੋਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ 'ਚ ਚਾਰੇ ਪਾਸੇ ਮਾਤਮ ਛਾ ਗਿਆ ਅਤੇ ਹਰ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੋਤ ਕਰੀਬ ਚਾਰ ਸਾਲ ਪਹਿਲਾਂ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਦੁਬਈ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਮਾਨ ਸਰਕਾਰ ਨੇ ਖਿੱਚੀ ਤਿਆਰੀ, ਪੜ੍ਹੋ ਪੂਰੀ ਖ਼ਬਰ
ਉਹ ਕਦੇ-ਕਦਾਈਂ ਘਰ ਆਉਂਦਾ ਰਹਿੰਦਾ ਸੀ ਪਰ ਇਸ ਵਾਰ ਉਹ ਦੋ ਮਹੀਨੇ ਪਹਿਲਾਂ ਗਿਆ ਸੀ ਅਤੇ 28 ਅਕਤੂਬਰ ਨੂੰ ਵਾਪਸ ਆਉਣਾ ਸੀ। ਪਰਿਵਾਰ ਦੇ ਅਨੁਸਾਰ ਜ਼ਮੀਨ ਘੱਟ ਹੋਣ ਕਰਕੇ ਨਵਜੋਤ ਹੀ ਪਰਿਵਾਰ ਦਾ ਸਹਾਰਾ ਸੀ। 26 ਅਕਤੂਬਰ ਨੂੰ ਦੁਬਈ ਤੋਂ ਉਸਦੇ ਸਾਥੀਆਂ ਨੇ ਫ਼ੋਨ ਕਰਕੇ ਦੱਸਿਆ ਕਿ ਨਵਜੋਤ ਆਪਣੇ ਕਮਰੇ 'ਚ ਮ੍ਰਿਤਕ ਮਿਲਿਆ ਹੈ। ਇਹ ਖ਼ਬਰ ਸੁਣ ਕੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ। ਬਾਅਦ 'ਚ ਸਾਥੀਆਂ ਨੇ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ, ਹਾਲਾਂਕਿ ਅਸਲੀ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੈ। ਨਵਜੋਤ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਮਾਸੂਮ ਪੁੱਤ ਛੱਡ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਿਵੇਂ ਹੀ ਖ਼ਬਰ ਘਰ ਪਹੁੰਚੀ, ਬਜ਼ੁਰਗ ਮਾਤਾ-ਪਿਤਾ ਦੀ ਹਾਲਤ ਖ਼ਰਾਬ ਹੋ ਗਈ। ਮਾਂ ਰੋ-ਰੋ ਕੇ ਬੇਹੋਸ਼ ਹੋ ਰਹੀ ਹੈ, ਜਦੋਂ ਕਿ ਪਿਤਾ ਵਾਰ-ਵਾਰ ਪੁੱਛ ਰਿਹਾ ਹੈ ਕਿ ਹੁਣ ਅਸੀਂ ਕਿਵੇਂ ਜਿਆਂਗੇ। ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵਜੋਤ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦੀ ਜਾਵੇ। ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਸਮੇਂ ਪਰਿਵਾਰ ਨੂੰ ਪੂਰੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਨਵਜੋਤ ਨੂੰ ਆਪਣੇ ਪਿੰਡ ਦੀ ਮਿੱਟੀ ਵਿੱਚ ਅੰਤਿਮ ਵਿਦਾਈ ਦਿੱਤੀ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
