ਮਹਾਕੁੰਭ ਭਾਜੜ ਦੀ ਜਾਂਚ ਕਰਨ ਪ੍ਰਯਾਗਰਾਜ ਪੁੱਜਾ ਨਿਆਇਕ ਕਮਿਸ਼ਨ, ਘਟਨਾ ਸਥਾਨ ਦਾ ਕੀਤਾ ਨਿਰੀਖਣ
Saturday, Feb 01, 2025 - 07:29 PM (IST)
ਪ੍ਰਯਾਗਰਾਜ (ਏਜੰਸੀ)- ਮਹਾਕੁੰਭ ਭਾਜੜ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ 3 ਮੈਂਬਰੀ ਨਿਆਇਕ ਕਮਿਸ਼ਨ ਸ਼ੁੱਕਰਵਾਰ ਨੂੰ ਪ੍ਰਯਾਗਰਾਜ ਦੇ ਸੰਗਮ ਨੋਜ਼ ਸਥਿਤ ਘਟਨਾ ਸਥਾਨ ’ਤੇ ਪਹੁੰਚਿਆ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਲਈ।
ਇਸ ਤੋਂ ਬਾਅਦ ਕਮਿਸ਼ਨ ਦੇ ਮੈਂਬਰਾਂ ਨੇ ਐੱਸ. ਆਰ. ਐੱਨ. ਹਸਪਤਾਲ ਵਿਚ ਦਾਖਲ ਜ਼ਖਮੀਆਂ ਦਾ ਹਾਲਚਾਲ ਪੁੱਛਿਆ। ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਹਰਸ਼ ਕੁਮਾਰ ਦੀ ਅਗਵਾਈ ਵਾਲੇ ਕਮਿਸ਼ਨ ਵਿਚ ਸਾਬਕਾ ਪੁਲਸ ਡਾਇਰੈਕਟਰ ਜਨਰਲ ਵੀ. ਕੇ. ਗੁਪਤਾ ਅਤੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਡੀ. ਕੇ. ਸਿੰਘ ਸ਼ਾਮਲ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਦੁਪਹਿਰ ਵੇਲੇ ਸੰਗਮ ਨੋਜ਼ ਪਹੁੰਚਿਆ ਜਿੱਥੇ ਮੰਗਲਵਾਰ ਦੇਰ ਰਾਤ ਭਾਜੜ ਮਚੀ ਸੀ।
ਕਮਿਸ਼ਨ ਦੇ ਨਾਲ ਮੌਜੂਦ ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ, ਡੀ. ਆਈ. ਜੀ. ਵੈਭਵ ਕ੍ਰਿਸ਼ਨ, ਐੱਸ. ਐੱਸ. ਪੀ. ਰਾਜੇਸ਼ ਦਿਵੇਦੀ ਸਮੇਤ ਹੋਰ ਅਧਿਕਾਰੀਆਂ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਕਮਿਸ਼ਨ ਨੇ ਭਾਰੀ ਸੁਰੱਖਿਆ ਦਰਮਿਆਨ ਉਸ ਖੇਤਰ ਦਾ ਦੌਰਾ ਕੀਤਾ। ਕਮਿਸ਼ਨ ਸੰਗਮ ਤੋਂ ਸ਼ਹਿਰ ਵਿਚ ਸਥਿਤ ਸਵਰੂਪ ਰਾਣੀ ਨਹਿਰੂ ਹਸਪਤਾਲ ਪਹੁੰਚਿਆ ਜਿੱਥੇ ਕਮਿਸ਼ਨ ਦੇ ਮੈਂਬਰਾਂ ਨੇ ਭਾਜੜ ਵਿਚ ਜ਼ਖਮੀ ਹੋਏ ਲੋਕਾਂ ਅਤੇ ਉਨ੍ਹਾਂ ਦੇ ਸਹਾਇਕਾਂ ਨਾਲ ਗੱਲਬਾਤ ਕਰ ਕੇ ਸਥਿਤੀ ਬਾਰੇ ਜਾਣਕਾਰੀ ਇਕੱਠੀ ਕੀਤੀ। ਸ਼ਾਮ 5 ਵਜੇ ਤੱਕ ਕਮਿਸ਼ਨ ਸਰਕਟ ਹਾਊਸ ਵਾਪਸ ਆ ਗਿਆ।