ਮਹਾਕੁੰਭ ਨੇ ਤੋੜਿਆ ਰਿਕਾਰਡ, ਸ਼ਰਧਾਲੂਆਂ ਦੀ ਗਿਣਤੀ ਨਾਲ ਵਧੀ ਅਰਥਵਿਵਸਥਾ

Friday, Mar 07, 2025 - 03:39 PM (IST)

ਮਹਾਕੁੰਭ ਨੇ ਤੋੜਿਆ ਰਿਕਾਰਡ, ਸ਼ਰਧਾਲੂਆਂ ਦੀ ਗਿਣਤੀ ਨਾਲ ਵਧੀ ਅਰਥਵਿਵਸਥਾ

ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ ​​ਨਾ ਸਿਰਫ਼ ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਚਰਚਿਤ ਹੋਇਆ, ਸਗੋਂ ਇਸ ਨੇ ਆਰਥਿਕ ਦ੍ਰਿਸ਼ਟੀਕੋਣ ਨਾਲ ਵੀ ਇਕ ਨਵਾਂ ਰਿਕਾਰਡ ਬਣਾਇਆ। ਮਹਾਕੁੰਭ '​ਚ 66 ਕਰੋੜ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ, ਜਿਸ ਨਾਲ ਨਾ ਸਿਰਫ਼ ਉੱਤਰ ਪ੍ਰਦੇਸ਼ ਸਗੋਂ ਪੂਰੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਲਾਭ ਹੋਇਆ।

ਆਰਥਿਕ ਰਿਪੋਰਟ ਅਤੇ ਪ੍ਰਭਾਵ

ਰਿਪੋਰਟ ਅਨੁਸਾਰ, ਮਹਾਕੁੰਭ ​​ਦੌਰਾਨ ਸ਼ਰਧਾਲੂਆਂ ਨੇ ਬੈਂਕਾਂ ਤੋਂ ਵੱਡੀ ਮਾਤਰਾ 'ਚ ਪੈਸੇ ਕਢਵਾਏ। ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਬੈਂਕਾਂ ਤੋਂ ਕਢਵਾਏ ਗਏ 1 ਲੱਖ ਕਰੋੜ ਰੁਪਏ ਅਜੇ ਤੱਕ ਬੈਂਕਾਂ 'ਚ ਵਾਪਸ ਨਹੀਂ ਆਏ ਹਨ। ਇਸ ਤੋਂ ਸਾਫ਼ ਹੈ ਕਿ ਮਹਾਕੁੰਭ ਨੇ ਆਰਥਿਕ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਈ।

3.5 ਲੱਖ ਕਰੋੜ ਦਾ ਫਾਇਦਾ

ਮਹਾਕੁੰਭ ​​ਦੌਰਾਨ ਪੂਰੇ ਉੱਤਰ ਪ੍ਰਦੇਸ਼ ਦੀ ਆਰਥਿਕਤਾ ਨੂੰ ਲਗਭਗ 3.5 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ। ਖਾਸ ਕਰਕੇ ਹੋਟਲ, ਰੈਸਟੋਰੈਂਟ, ਯਾਤਰਾ ਅਤੇ ਪ੍ਰਚੂਨ ਕਾਰੋਬਾਰੀਆਂ ਨੂੰ ਇਸ ਤੋਂ ਬਹੁਤ ਫਾਇਦਾ ਹੋਇਆ। ਮਹਾਕੁੰਭ ​​ਦਾ ਪ੍ਰਭਾਵ ਸਿਰਫ਼ ਇਸ ਸਮਾਗਮ ਦੌਰਾਨ ਹੀ ਨਹੀਂ, ਸਗੋਂ ਇਸ ਤੋਂ ਬਾਅਦ ਵੀ ਦੇਖਣ ਨੂੰ ਮਿਲੇਗਾ। ਪ੍ਰਯਾਗਰਾਜ ਅਤੇ ਆਸ ਪਾਸ ਦੇ ਇਲਾਕਿਆਂ 'ਚ ਵਪਾਰੀਆਂ ਦੀ ਆਮਦਨ ਵਧੀ ਹੈ।

ਸੈਰ-ਸਪਾਟੇ ਨਾਲ ਵੀ ਵਧੀ ਕਮਾਈ

ਮਹਾਕੁੰਭ ​​ਤੋਂ ਬਾਅਦ ਲੋਕ ਬਨਾਰਸ, ਅਯੁੱਧਿਆ, ਚਿੱਤਰਕੂਟ ਅਤੇ ਨੈਮਿਸ਼ਾਰਣਿਆ ਵਰਗੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਪਹੁੰਚੇ, ਜਿਸ ਨਾਲ ਛੋਟੇ ਵਪਾਰੀਆਂ ਨੂੰ ਵੀ ਫਾਇਦਾ ਹੋਇਆ। ਇਸ ਦਿਖਾਉਂਦਾ ਹੈ ਕਿ ਧਾਰਮਿਕ ਸਮਾਗਮ ਨਾਲ ਸਿਰਫ਼ ਸਥਾਨਕ ਅਰਥਵਿਵਸਥਾ ਹੀ ਨਹੀਂ ਸਗੋਂ ਨੇੜੇ-ਤੇੜੇ ਦੇ ਖੇਤਰਾਂ 'ਚ ਵੀ ਵਿਕਾਸ ਹੁੰਦਾ ਹੈ।

ਵੱਡੇ ਆਯੋਜਨਾਂ ਦਾ ਅਰਥਵਿਵਸਥਾ 'ਤੇ ਪ੍ਰਭਾਵ

ਮਹਾਕੁੰਭ ​​ਵਰਗੇ ਵੱਡੇ ਸਮਾਗਮ ਦੇਸ਼ ਦੀ ਆਰਥਿਕਤਾ ਲਈ ਫਾਇਦੇਮੰਦ ਹੁੰਦੇ ਹਨ। ਇਸੇ ਤਰ੍ਹਾਂ ਹਾਲ ਹੀ 'ਚ ਗੁਜਰਾਤ 'ਚ ਹੋਏ ਕੋਲਡਪਲੇ ਕੰਸਰਟ ਨੇ ਵੀ ਅਰਥਵਿਵਸਥਾ ਨੂੰ ਲਾਭ ਪਹੁੰਚਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਗੀਤ ਸਮਾਰੋਹ ਨੂੰ ਅਰਥਵਿਵਸਥਾ ਲਈ ਅਥਾਹ ਸੰਭਾਵਨਾਵਾਂ ਵਾਲਾ ਦੱਸਿਆ ਸੀ, ਜਿਸ ਨੇ ਸਾਬਿਤ ਕੀਤਾ ਸੀ ਕਿ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਨੌਜਵਾਨ ਆਬਾਦੀ ਇਸ ਨੂੰ ਇਕ ਆਕਰਸ਼ਕ ਸੈਰ-ਸਪਾਟਾ ਸਥਾਨ ਬਣਾ ਸਕਦੀ ਹੈ।

ਬੈਂਕਾਂ 'ਚ ਕਮੀ, ਕਰਜ਼ਾ ਦੇਣ 'ਚ ਸਮੱਸਿਆ

ਮਹਾਕੁੰਭ ​​ਦੌਰਾਨ ਬੈਂਕਾਂ ਤੋਂ ਵੱਡੀ ਮਾਤਰਾ 'ਚ ਪੈਸੇ ਕਢਵਾਉਣ ਕਾਰਨ ਬੈਂਕਾਂ 'ਚ ਨਕਦੀ ਦੀ ਘਾਟ ਹੋ ਗਈ ਸੀ। ਐੱਸਬੀਆਈ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬੈਂਕਾਂ ਕੋਲ ਕਰਜ਼ੇ ਦੇਣ ਲਈ ਵੀ ਪੈਸੇ ਨਹੀਂ ਸਨ। ਇਸ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ 'ਚ ਨਕਦੀ ਬਣਾਈ ਰੱਖਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਬੈਂਕਾਂ ਕੋਲ ਹੁਣ ਲਗਭਗ 1.9 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਆਏਗੀ, ਜਿਸ ਨਾਲ ਕਰਜ਼ਾ ਦੇਣਾ ਆਸਾਨ ਹੋਵੇਗਾ।


author

DIsha

Content Editor

Related News