ਬਹੁਮੁਖੀ ਸੱਭਿਆਚਾਰ ਦਾ ਪ੍ਰਤੀਕ ਮਹਾਕੁੰਭ
Sunday, Feb 23, 2025 - 05:37 PM (IST)

ਜੇਕਰ ਤੁਸੀਂ ਭਾਰਤ ਦੇ ਪਿੰਡਾਂ-ਕਸਬਿਆਂ ’ ਚੋਂ ਲੰਘੋਗੇ ਤਾਂ ਅਜਿਹੇ ਅਣਗਿਣਤ ਲੋਕ ਮਿਲ ਜਾਣਗੇ, ਜੋ ਸਵੇਰੇ ਇਸ਼ਨਾਨ ਕਰਦੇ ਸਮੇਂ ‘ਗੰਗੇ ’ਚ ਯਮੁਨੇ ਚੈਵ ਗੋਦਾਵਰੀ ਸਰਸਵਤੀ। ਨਰਮਦੇ ਸਿੰਧੂ ਕਾਵੇਰੀ ਜਲੇ ਸਿਮਨ ਸੰਨਦੀ ਕਰੂ।।’ ਦੇ ਮੰਤਰ ਦਾ ਜਾਪ ਕਰ ਰਹੇ ਹੋਣਗੇ। ਇਸ ਮੰਤਰ ਦਾ ਅਰਥ ਹੈ- ਹੇ ਯਮੁਨਾ, ਗੋਦਾਵਰੀ, ਸਰਸਵਤੀ, ਨਰਮਦਾ, ਸਿੰਧੂ ਅਤੇ ਕਾਵੇਰੀ ਸਾਡੇ ਜਲ ’ਚ ਮੌਜੂਦ ਹੋ ਕੇ ਇਸ ਨੂੰ ਪਵਿੱਤਰ ਕਰੋ। ਇਸ਼ਨਾਨ ਦੇ ਰੋਜ਼ਾਨਾ ਕਰਮ ਵਿਚ ਰਾਸ਼ਟਰ ਦੀਆਂ ਸਾਰੀਆਂ ਪਵਿੱਤਰ ਨਦੀਆਂ ਦਾ ਸੱਦਾ ਇਹ ਦੱਸਦਾ ਹੈ ਕਿ ਭਾਰਤ ਭੂਮੀ ਦੇ ਲੋਕਾਂ ਦੀ ਨਦੀਆਂ ਦੇ ਪ੍ਰਤੀ ਕਿੰਨੀ ਡੂੰਘੀ ਸ਼ਰਧਾ ਹੈ।
ਵਿਸ਼ਵ ਦੀਆਂ ਲਗਭਗ ਸਾਰੀਆਂ ਸੱਭਿਅਤਾਵਾਂ ਦਾ ਜਨਮ ਨਦੀਆਂ ਦੇ ਕੰਢੇ ’ਤੇ ਹੋਇਆ ਹੈ ਪਰ ਭਾਰਤ ਤਾਂ ਨਦੀ ਸੱਭਿਆਚਾਰ ਦਾ ਹੀ ਦੇਸ਼ ਹੈ। ਉੱਤਰ ਵਿਚ ਸਿੰਧੂ ਤੋਂ ਲੈ ਕੇ ਦੱਖਣ ਵਿਚ ਕ੍ਰਿਸ਼ਨਾ-ਕਾਵੇਰੀ ਤੱਕ ਅਤੇ ਪੂਰਬ ਵਿਚ ਬ੍ਰਹਮਪੁੱਤਰ ਤੋਂ ਲੈ ਕੇ ਪੱਛਮ ਵਿਚ ਨਰਮਦਾ ਤੱਕ ਭਾਰਤ ਦੀਆਂ ਇਹ ਪਵਿੱਤਰ ਨਦੀਆਂ ਅਨਾਦਿ ਕਾਲ ਤੋਂ ਕੋਟਿ-ਕੋਟਿ ਭਾਰਤ ਵਾਸੀਆਂ ਦੇ ਜੀਵਨ ਦਾ ਉਦਾਰ ਕਰਦੀਆਂ ਰਹੀਆਂ ਹਨ।
ਇਹ ਨਦੀਆਂ ਮਾਂ ਦੀ ਤਰ੍ਹਾਂ ਸਾਡਾ ਪਾਲਣ-ਪੋਸ਼ਣ ਕਰਦੀਆਂ ਹਨ। ਅਸੀਂ ਜਦੋਂ ਵੀ ਸਮੱਸਿਆਵਾਂ ਵਿਚ ਉਲਝੇ ਹੁੰਦੇ ਹਾਂ ਤਾਂ ਇਨ੍ਹਾਂ ਨਦੀ ਰੂਪੀ ਮਾਵਾਂ ਦੇ ਨੇੜੇ ਆ ਕੇ ਸ਼ਾਂਤੀ ਦੀ ਖੋਜ ਕਰਦੇ ਹਾਂ ਅਤੇ ਆਪਣੀ ਇਸ ਧਰਤੀ ਦੀ ਯਾਤਰਾ ਨੂੰ ਖ਼ਤਮ ਕਰ ਕੇ ਅਧਿਆਤਮਿਕ ਯਾਤਰਾ ਦੇ ਲਈ ਵੀ ਇਨ੍ਹਾਂ ਨਦੀਆਂ ਦੀ ਗੋਦ ਵਿਚ ਪਹੁੰਚਦੇ ਹਾਂ। ਇਨ੍ਹਾਂ ਨਦੀਆਂ ਦਾ ਨਾ ਕੇਵਲ ਸਾਡੇ ਧਾਰਮਿਕ-ਅਧਿਆਤਮਿਕ ਜੀਵਨ ਵਿਚ ਖਾਸ ਮਹੱਤਵ ਹੈ, ਸਗੋਂ ਇਹ ਸਮਾਜਿਕ, ਆਰਥਿਕ, ਵਿਗਿਆਨਿਕ ਅਤੇ ਹੋਰ ਕਈ ਰੂਪਾਂ ’ਚ ਵੀ ਸਹਾਇਕ ਮੰਨਿਆਂ ਜਾਂਦੀਆਂ ਹਨ।
ਕੁੰਭ ਮਹਾਪੁਰਬ, ਨਦੀਆਂ ਦੀ ਮਹਿਮਾ ਦਾ ਹੀ ਮਹਾਪੁਰਬ ਹੈ, ਜੋ ਵੰਨ-ਸਵੰਨਤਾ ਵਿਚ ਏਕਤਾ ਪ੍ਰਦਰਸ਼ਿਤ ਕਰਨ ਵਿਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਕੁੰਭ ਮੇਲਾ ਭਾਰਤ ਦੀਆਂ ਸੱਭਿਆਚਾਰਕ ਅਤੇ ਅਧਿਆਤਮਿਕ ਪ੍ਰੰਪਰਾਵਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਮਹਾਪਰਵ ਖਗੋਲ ਵਿਗਿਆਨ, ਅਧਿਆਤਮਿਕਤਾ, ਰਸਮੀ ਪ੍ਰੰਪਰਾਵਾਂ ਅਤੇ ਸਮਾਜਿਕ ਅਤੇ ਸੱਭਿਆਚਾਰਕ ਗਿਆਨ-ਵਿਗਿਆਨ ਦੀ ਬਹੁ-ਵਰਣਨਤਾ ਨਾਲ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ। ਅਥਰਵ ਵੇਦ ਵਿਚ ਜ਼ਿਕਰ ਮਿਲਦਾ ਹੈ ਕਿ ਭਗਵਾਨ ਬ੍ਰਹਮਾ ਨੇ ਹਰਿਦੁਆਰ, ਪ੍ਰਯਾਗਰਾਜ, ਉੱਜੈਨ ਅਤੇ ਨਾਸਿਕ ਚਾਰ ਕੁੰਭ ਸਥਾਪਿਤ ਕੀਤੇ, ਜਿਸ ਨਾਲ ਇਹ ਆਯੋਜਨ ਪਵਿੱਤਰ ਮੰਨਿਆ ਜਾਂਦਾ ਹੈ। ਸਕੰਦ ਪੁਰਾਣ ਵਿਚ ਕੁੰਭ ਯੋਗ ਦੱਸਦੇ ਹੋਏ ਕਿਹਾ ਗਿਆ ਹੈ ਕਿ ਜਦੋਂ ਬ੍ਰਹਿਸਪਤੀ ਮੇਖ ਰਾਸ਼ੀ ਵਿਚ ਸਥਿਤ ਹੋਵੇ ਅਤੇ ਚੰਦਰਮਾ ਅਤੇ ਸੂਰਜ ਮਕਰ ਰਾਸ਼ੀ ’ਤੇ ਹੋਣ ਤਾਂ ਉਸ ਸਮੇਂ ਤੀਰਥਰਾਜ ਪ੍ਰਯਾਗ ਵਿਚ ਕੁੰਭ-ਯੋਗ ਹੁੰਦਾ ਹੈ।
ਕੁੰਭ ਦਾ ਆਯੋਜਨ ਸਮਾਜ, ਧਰਮ ਅਤੇ ਸੱਭਿਆਚਾਰ ਦੇ ਤਾਲਮੇਲ ਦਾ ਪ੍ਰਤੀਕ ਹੈ। ਇਸ ਵਿਚ ਪ੍ਰਮੁੱਖ ਅਖਾੜਿਆਂ ਦੇ ਸੰਤ, ਮਹਾਤਮਾ ਅਤੇ ਨਾਗਾ ਸੰਨਿਆਸੀ ਸੰਸਾਰ ਦੇ ਸੰਪੂਰਨ ਦੁਖਾਂ ਦੇ ਨਿਵਾਰਣ ਲਈ ਅਤੇ ਸਮਾਜ, ਰਾਸ਼ਟਰ ਅਤੇ ਧਰਮ ਆਦਿ ਦੀ ਭਲਾਈ ਲਈ ਅਨਮੋਲ ਦਿਵਯ ਉਪਦੇਸ਼ ਦਿੰਦੇ ਹਨ। ਪ੍ਰਯਾਗ ਵਿਚ ਕੁੰਭ ਦੇ ਤਿੰਨ ਪ੍ਰਮੁੱਖ ਇਸ਼ਨਾਨ ਹੁੰਦੇ ਹਨ -ਮਾਘੀ, ਮੌਨੀ ਮੱਸਿਆ ਅਤੇ ਬਸੰਤ ਪੰਚਮੀ ’ਤੇ। ਇਨ੍ਹਾਂ ਤਿੰਨਾਂ ਇਸ਼ਨਾਨਾਂ ਵਿਚ ਸਭ ਤੋਂ ਪਹਿਲਾ ਇਸ਼ਨਾਨ ਨਿਰਵਾਣੀ ਅਖਾੜੇ ਦਾ, ਦੂਜਾ ਇਸ਼ਨਾਨ ਨਿਰੰਜਨੀ ਅਖਾੜੇ ਦਾ ਅਤੇ ਤੀਜਾ ਇਸ਼ਨਾਨ ਜੂਨਾ ਅਖਾੜੇ ਦਾ ਹੁੰਦਾ ਹੈ। ਇਸ ਤੋਂ ਬਾਅਦ ਸਾਰੀਆਂ ਸੰਪਰਦਾਵਾਂ ਦੇ ਲੋਕਾਂ ਦਾ ਹੁੰਦਾ ਹੈ।
ਕੁੰਭ ਦਾ ਇਤਿਹਾਸ ਕੰਨਿਆਕੁਬਜ ਦੇ ਸ਼ਾਸਕ ਸਮਰਾਟ ਹਰਸ਼ਵਰਧਨ ਦੇ ਨਾਲ ਵੀ ਜੁੜਿਆ ਹੈ। ਹਰਸ਼ਵਰਧਨ ਕੁੰਭ ਦੇ ਮੌਕੇ ’ਤੇ ਪ੍ਰਯਾਗਰਾਜ ਵਿਚ ਹੀ ਰਹਿ ਕੇ ਸਾਰੇ ਧਰਮਾਂ ਦੇ ਸੰਮੇਲਨ ਦਾ ਆਯੋਜਨ ਕਰਦੇ ਅਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਿਚਾਰ ਸੁਣਦੇ ਸਨ। ਧਾਰਮਿਕ ਸਹਿਣਸ਼ੀਲਤਾ ਦੇ ਨਾਲ-ਨਾਲ ਮਹਾਰਾਜ ਹਰਸ਼ਵਰਧਨ ਇਸ ਮੌਕੇ ’ਤੇ ਆਪਣੀ ਦਾਨਸ਼ੀਲਤਾ ਦਾ ਵੀ ਸਬੂਤ ਦਿੰਦੇ ਸਨ।
ਚੀਨੀ ਯਾਤਰੀ ਹਿਊਨਸਾਂਗ ਦੇ ਯਾਤਰਾ ਵੇਰਵੇ ਦੇ ਅਨੁਸਾਰ ਕੁੰਭ ਵਿਚ ਉਹ ਆਪਣਾ ਸਭ ਕੁਝ ਖੁੱਲ੍ਹੇ ਦਿਲ ਨਾਲ ਦਾਨ ਕਰ ਦਿੰਦੇ ਸਨ। ਸਮਰਾਟ ਹਰਸ਼ਵਰਧਨ ਨੇ ਆਪਣਾ ਸਮੁੱਚਾ ਖਜ਼ਾਨਾ ਪ੍ਰਯਾਗ ਕੁੰਭ ਦੇ ਮੌਕੇ ’ਤੇ ਦਾਨ ਕਰ ਦਿੱਤਾ। ਜਦੋਂ ਦਾਨ ਦੇ ਲਈ ਕੁਝ ਹੋਰ ਬਾਕੀ ਨਹੀਂ ਰਿਹਾ, ਤਦ ਉਨ੍ਹਾਂ ਨੇ ਆਪਣੇ ਕੱਪੜੇ, ਗਹਿਣੇ ਅਤੇ ਮੁਕਟ ਤੱਕ ਉਤਾਰ ਕੇ ਦੇ ਦਿੱਤੇ। ਜਦੋਂ ਸਰੀਰ ਤੇ ਕੱਪੜੇ ਵੀ ਨਹੀਂ ਬਚੇ ਤਾਂ ਉਨ੍ਹਾਂ ਦੀ ਭੈਣ ਰਾਜਸ਼੍ਰੀ ਨੇ ਉਨ੍ਹਾਂ ਨੂੰ ਪਹਿਨਣ ਲਈ ਕੱਪੜੇ ਦਿੱਤੇ। ਮਹਾਰਾਜ ਹਰਸ਼ਵਰਧਨ ਦੇ ਤਿਆਗ ਅਤੇ ਦਾਨ ਦੀ ਇਹ ਪ੍ਰੇਰਕ ਪ੍ਰੰਪਰਾ ਕੁੰਭ ਵਿਚ ਹੁਣ ਤੱਕ ਬਰਕਰਾਰ ਚਲੀ ਆ ਰਹੀ ਹੈ।
ਕਰੋੜਾਂ ਦੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ ਦੇ ਬਾਵਜੂਦ ਇੱਥੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਅਤੇ ਵਧੀਆ ਪ੍ਰਬੰਧਾਂ ਨੇ ਕੁੰਭ ਮੇਲੇ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਵਿਵਸਥਿਤ ਆਯੋਜਨ ਬਣਾ ਦਿੱਤਾ ਹੈ। ਸਵੱਛਤਾ, ਸੁਰੱਖਿਆ ਅਤੇ ਸੁਵਿਧਾ ਦਾ ਅਜਿਹਾ ਸੰਗਮ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਹਨ, ਜਿਸ ਨਾਲ ਇਹ ਆਯੋਜਨ ਨਾ ਕੇਵਲ ਧਾਰਮਿਕ, ਸਗੋਂ ਸਮਾਜਿਕ ਅਤੇ ਵਾਤਾਵਰਣ ਸਬੰਧੀ ਸੰਦੇਸ਼ ਵੀ ਦਿੰਦਾ ਹੈ।
ਕੁੰਭ ਕੇਵਲ ਇਕ ਧਾਰਮਿਕ ਆਯੋਜਨ ਨਹੀਂ, ਸਗੋਂ ਸਮਾਜਿਕ ਸਦਭਾਵਨਾ ਅਤੇ ਆਲਮੀ ਭਾਈਚਾਰੇ ਦਾ ਪ੍ਰਤੀਕ ਵੀ ਹੈ। ਇਹ ‘ਵਸੁਧੈਵ ਕੁਟੁੰਬਕਮ’ਦੀ ਭਾਵਨਾ ਨੂੰ ਸਾਕਾਰ ਕਰਦਾ ਹੈ, ਜਿੱਥੇ ਜਾਤੀ, ਧਰਮ ਅਤੇ ਵਰਗ ਤੋਂ ਪਰ੍ਹੇ ਸਾਰੇ ਸ਼ਰਧਾਲੂ ਇਕ ਸਮਾਨ ਹੁੰਦੇ ਹਨ। ਇਹ ਤਿਉਹਾਰ ਸਾਨੂੰ ਆਤਮ ਸ਼ੁੱਧੀ, ਪਰਉਪਕਾਰ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਕੁੰਭ ਰਾਹੀਂ ਭਾਰਤੀ ਸੱਭਿਆਚਾਰ ਅਤੇ ਜੀਵਨ-ਦਰਸ਼ਨ ਨੂੰ ਗਲੋਬਲ ਪੱਧਰ ’ਤੇ ਪਛਾਣ ਮਿਲਦੀ ਹੈ। ਵਿਦੇਸ਼ੀ ਟੂਰਿਸਟ ਇੱਥੇ ਭਾਰਤੀ ਪ੍ਰੰਪਰਾਵਾਂ ਨੂੰ ਸਮਝਣ ਅਤੇ ਗ੍ਰਹਿਣ ਕਰਨ ਲਈ ਆਉਂਦੇ ਹਨ।
ਕੁੰਭ ਮੇਲਾ ਭਾਰਤੀ ਸੱਭਿਆਚਾਰ ਦੀ ਡੂੰਘਾਈ, ਸਹਿਣਸ਼ੀਲਤਾ ਅਤੇ ਏਕਤਾ ਦਾ ਅਦਭੁੱਤ ਸੰਗਮ ਹੈ। ਇਹ ਕੇਵਲ ਪਵਿੱਤਰ ਇਸ਼ਨਾਨ ਦਾ ਪੁਰਬ ਨਹੀਂ, ਸਗੋਂ ਜੀਵਨ ਦੇ ਡੁੰਘੇ ਰਹੱਸਾਂ ਨੂੰ ਜਾਣਨ, ਆਤਮ-ਨਿਰੀਖਣ ਕਰਨ ਅਤੇ ਮਨੁੱਖਤਾ ਦੇ ਪ੍ਰਤੀ ਸਮਰਪਣ ਵਿਅਕਤ ਕਰਨ ਦਾ ਇਕ ਮੌਕਾ ਵੀ ਹੈ। ਭਾਰਤ ਦੀ ਸਨਾਤਨ ਪ੍ਰੰਪਰਾ ਵਿਚ ਇਹ ਆਯੋਜਨ ਵਿਲੱਖਣ ਆਸਥਾ, ਸੱਭਿਆਚਾਰ ਅਤੇ ਦਰਸ਼ਨ ਦਾ ਪ੍ਰਤੀਕ ਬਣਿਆ ਰਹੇਗਾ।