ਮਹਾਕੁੰਭ ’ਚ ਡੁਬਕੀ ਨਾਲ ਹੋਈ ਛੱਪਰਪਾੜ ਕਮਾਈ! 45 ਦਿਨ ’ਚ ਹੋਇਆ 4 ਲੱਖ ਕਰੋੜ ਦਾ ਕਾਰੋਬਾਰ
Friday, Feb 28, 2025 - 10:25 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਪ੍ਰਯਾਗਰਾਜ ’ਚ 45 ਦਿਨਾਂ ਤੱਕ 144 ਸਾਲ ਬਾਅਦ ਲੱਗਾ ਮਹਾਕੁੰਭ ਸਭ ਤੋਂ ਵੱਡਾ ਧਾਰਮਿਕ ਅਤੇ ਆਤਮਕ ਸਮਾਗਮ 26 ਫਰਵਰੀ ਨੂੰ ਆਖਰੀ ਇਸ਼ਨਾਨ ਤਿਉਹਾਰ ਮਹਾਸ਼ਿਵਰਾਤਰੀ ਦੇ ਨਾਲ ਖ਼ਤਮ ਹੋ ਗਿਆ। ਇਹ ਮਹਾਕੁੰਭ ਆਸਥਾ ਦੇ ਨਾਲ-ਨਾਲ ਵਿੱਤ ਦੇ ਮਾਮਲੇ ’ਚ ਵੀ ਮਹਾਕੁੰਭ ਸਾਬਤ ਹੋਇਆ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਜੋ ਸ਼ਰਧਾਲੂ ਮਹਾਕੁੰਭ ਆਏ ਸਨ, ਉਹ ਕਾਸ਼ੀ, ਅਯੁੱਧਿਆ ਅਤੇ ਚਿਤਰਕੂਟ ਵੀ ਪੁੱਜੇ, ਇਸ ਲਈ ਇਸ ਇਤਿਹਾਸਕ ਖੇਤਰ ’ਚ ਕੁੱਲ ਕਾਰੋਬਾਰ 4 ਲੱਖ ਕਰੋੜ ਤੋਂ ਵੀ ਵੱਧ ਦਾ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਮੁਲਾਂਕਣ ਹੈ ਕਿ ਮਹਾਕੁੰਭ ਦੌਰਾਨ ਪ੍ਰਯਾਗਰਾਜ, ਅਯੁੱਧਿਆ, ਕਾਸ਼ੀ, ਚਿਤਰਕੂਟ ਅਤੇ ਮਿਰਜ਼ਾਪੁਰ ’ਚ 4 ਲੱਖ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਹੋਇਆ ਹੈ। ਉੱਥੇ ਹੀ, ਸਿਰਫ ਪ੍ਰਯਾਗਰਾਜ ’ਚ ਮਹਾਕੁੰਭ ਦੌਰਾਨ 3 ਲੱਖ ਕਰੋੜ ਤੋਂ ਜ਼ਿਆਦਾ ਦੀ ਅਰਥਵਿਵਸਥਾ ਖੜ੍ਹੀ ਹੋਈ ਹੈ। ਮਹਾਕੁੰਭ ਦੌਰਾਨ ਯੂ. ਪੀ. ਦੀ ਸਰਕਾਰ ਨੂੰ 25,000 ਤੋਂ 30,000 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!
100 ਤੋਂ ਵੱਧ ਦੇਸ਼ਾਂ ਤੋਂ ਸ਼ਰਧਾਲੂ ਪ੍ਰਯਾਗਰਾਜ ਪੁੱਜੇ
45 ਦਿਨਾਂ ਚੱਲੇ ਮਹਾਕੁੰਭ ਦੌਰਾਨ 100 ਤੋਂ ਵੱਧ ਦੇਸ਼ਾਂ ਤੋਂ ਸ਼ਰਧਾਲੂ ਪ੍ਰਯਾਗਰਾਜ ਪੁੱਜੇ, ਜਿਸ ਕਾਰਨ ਆਵਾਜਾਈ ਖੇਤਰ ਤੋਂ ਲੈ ਕੇ ਪ੍ਰਾਹੁਣਾਚਾਰੀ, ਸੈਰ-ਸਪਾਟੇ ਤੱਕ ਸੈਂਕੜੇ ਖੇਤਰਾਂ ਦੇ ਕਾਰੋਬਾਰ ’ਚ ਕਾਫ਼ੀ ਵਾਧਾ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅੱਜ ਦੁਨੀਆ ਉੱਤਰ ਪ੍ਰਦੇਸ਼ ਦੀ ਜਿਸ ਸਮਰੱਥਾ ਨੂੰ ਵੇਖ ਰਹੀ ਹੈ, ਉਸ ਨੂੰ ਮਹਾਕੁੰਭ ਮੇਲੇ ਨਾਲ ਜੋੜਿਆ ਜਾ ਸਕਦਾ ਹੈ। ਇਕੱਲੇ ਮਹਾਕੁੰਭ ਤੋਂ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਵਾਧੇ ’ਚ ਮਦਦ ਮਿਲੀ। ਯੂ. ਪੀ. ਦੀ ਅਰਥਵਿਵਸਥਾ ਲਈ ਮਹਾਕੁੰਭ ਇਕੱਲੇ ਵੱਡਾ ਵਰਦਾਨ ਸਾਬਤ ਹੋਇਆ ਹੈ। ਮਹਾਕੁੰਭ ਦੇ 45 ਦਿਨਾਂ ਦੌਰਾਨ 65 ਕਰੋੜ ਤੋਂ ਵੱਧ ਸ਼ਰਧਾਲੂ ਪ੍ਰਯਾਗਰਾਜ ਪੁੱਜੇ ਅਤੇ ਸੰਗਮ ’ਚ ਡੁਬਕੀ ਲਾਈ।
ਇਹ ਵੀ ਪੜ੍ਹੋ : 10ਵੀਂ ਦੇ ਪੇਪਰ ਦੇਣ ਗਈ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8