ਪੁਲਵਾਮਾ ''ਚ ਮਾਰਿਆ ਗਿਆ ਅੱਤਵਾਦੀ ਜ਼ਾਕਿਰ ਮੂਸਾ, ਲੱਗਾ ਕਰਫਿਊ

05/24/2019 5:39:50 PM

ਸ੍ਰੀਨਗਰ— ਜੰਮੂ-ਕਸ਼ਮੀਰ 'ਚ ਅਲਕਾਇਦਾ ਦਾ ਕਥਿਤ ਅੱਤਵਾਦੀ ਜ਼ਾਕਿਰ ਮੂਸਾ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਰਾਲ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲਾ ਹੋਇਆ ਜਿਸ ਵਿਚ ਇਹ ਅੱਤਵਾਦੀ ਮਾਰਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਕੂਲ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਨਾਲ ਹੀ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸੰਬੰਧੀ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਚੌਕਸੀ ਵਜੋਂ ਕਸ਼ਮੀਰ ਵਿਚ ਕਈ ਥਾਵਾਂ 'ਤੇ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਇਸ ਘਟਨਾ ਤੋਂ ਬਾਅਦ ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ ਅਤੇ ਸ੍ਰੀਨਗਰ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਲੋਕਾਂ ਨੇ ਮੂਸਾ ਦੇ ਹੱਕ 'ਚ ਨਾਅਰੇ ਲਗਾਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ 'ਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਪੁਲਿਸ ਨੂੰ ਅੱਤਵਾਦੀਆਂ ਦੇ ਇੱਥੇ ਲੁਕੇ ਹੋਣ ਦਾ ਸ਼ੱਕ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ।
ਅਧਿਕਾਰੀ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਅੱਤਵਾਦੀ ਸਮਰਥਕ ਤੱਤਾਂ ਨੇ ਅੱਤਵਾਦੀਆਂ ਨੂੰ ਭਜਾਉਣ ਲਈ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਭੱਜਣ ਦਾ ਮੌਕਾ ਨਹੀਂ ਦਿੱਤਾ।


DIsha

Content Editor

Related News