ਦੂਜੇ ਧਰਮ ''ਚ ਵਿਆਹ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਕੁੜੀ ਦੇ ਪਿਤਾ ਨੇ ਉਤਾਰਿਆ ਮੌਤ ਦੇ ਘਾਟ
Monday, Dec 19, 2022 - 11:20 AM (IST)
 
            
            ਬਾਗਲਕੋਟ- ਕਰਨਾਟਕ ਦੇ ਬਾਗਲਕੋਟ ਇਲਾਕੇ ’ਚ ਇਕ ਸਨਸਨੀਖੇਜ਼ ਸਾਹਮਣੇ ਆਈ ਹੈ। ਘਟਨਾ 'ਚ ਦੂਜੇ ਧਰਮ ਦੀ ਕੁੜੀ ਨਾਲ ਪਿਆਰ ਕਰਨ ਅਤੇ ਵਿਆਹ ਕਰਨ ਵਾਲੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਵਿਚ ਕੁੜੀ ਦਾ ਪਿਤਾ ਹੀ ਮੁੱਖ ਮੁਲਜ਼ਮ ਹੈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਕੁੜੀ ਦੇ ਪਿਤਾ ਅਤੇ ਹੋਰਾਂ ਵੱਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਿਤਾ ਨੂੰ ਗੁੱਸਾ ਸੀ ਕਿ ਇਕ ਵੱਖਰੇ ਧਰਮ ਦੇ ਨੌਜਵਾਨ ਨੇ ਉਸ ਦੀ ਧੀ ਨਾਲ ਪਿਆਰ ਕਿਉਂ ਕੀਤਾ ਅਤੇ ਫਿਰ ਵਿਆਹ ਕਿਉਂ ਕਰ ਲਿਆ? ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਭਜਬਲੀ ਖਡਜ਼ਗੀ (34) ਵਜੋਂ ਹੋਈ ਹੈ।
ਦੋਸ਼ ਹੈ ਕਿ ਖੱਤਰੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਭਾਗਿਆਸ਼੍ਰੀ ਪਾਟਿਲ ਦੇ ਪਿਤਾ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕੁੜੀ ਦੇ ਪਿਤਾ ਤੰਮਨਗੌੜਾ ਪਾਟਿਲ ਅਤੇ ਤਿੰਨ ਹੋਰ ਲੋਕਾਂ ਨੇ ਸ਼ਨੀਵਾਰ ਰਾਤ ਜਾਮਖੰਡੀ ਦੇ ਤਾਕਕੋਡਾ ਵਿਚ ਭਗਵਾਨ ਹਮੂ ਦੇ ਪਾਲਕੀ ਉਤਸਵ ਮਗਰੋਂ ਘਰ ਪਰਤ ਰਹੇ ਨੌਜਵਾਨ ਦੇ ਚਿਹਰੇ 'ਤੇ ਲੂਣ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ। ਫ਼ਿਲਹਾਲ ਕਤਲ ਦੇ ਮੁੱਖ ਦੋਸ਼ੀ ਤੰਮਨਗੌੜਾ ਪਾਟਿਲ ਨੂੰ ਸਵਾਲੀ ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਦੋਸ਼ੀਆਂ ਨੂੰ ਲੱਭਣ ਲਈ ਇਕ ਟੀਮ ਗਠਿਤ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            