ਪਲੇਟਫਾਰਮ ਟਿਕਟ ਨਾਲ ਵੀ ਕਰ ਸਕਦੇ ਹੋ ਟ੍ਰੇਨ ਯਾਤਰਾ, ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ
Thursday, Aug 01, 2019 - 01:45 PM (IST)

ਨਵੀਂ ਦਿੱਲੀ — ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ 'ਤੇ ਲੰਮੀ ਲਾਈਨ ਲੱਗੀ ਹੋਵੇ ਅਤੇ ਟ੍ਰੇਨ ਦਾ ਟਾਈਮ ਹੋ ਗਿਆ ਹੋਵੇ ਤਾਂ ਅਜਿਹੀ ਸਥਿਤੀ ਬਹੁਤ ਹੀ ਝੰਜਟ ਵਾਲੀ ਹੁੰਦੀ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਟਿਕਟ ਵੀ ਨਾ ਹੋਵੇ ਤਾਂ ਯਾਤਰਾ ਕੈਂਸਲ ਕਰਨੀ ਪੈ ਸਕਦੀ ਹੈ ਜਾਂ ਫਿਰ ਦੂਜਾ ਵਿਕਲਪ ਇਹ ਹੁੰਦਾ ਹੈ ਕਿ ਬਿਨਾਂ ਟਿਕਟ ਦੇ ਹੀ ਟ੍ਰੇਨ 'ਤੇ ਚੜ੍ਹਿਆ ਜਾਵੇ। ਕਿਸੇ ਵੀ ਵਿਅਕਤੀ ਲਈ ਇਹ ਸਥਿਤੀ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ। ਪਰ ਹੁਣ ਤੁਹਾਨੂੰ ਇਸ ਪਰੇਸ਼ਾਨੀ ਤੋਂ ਬਚਾਉਣ ਲਈ ਰੇਲਵੇ ਵਿਭਾਗ ਨੇ ਵੱਡੀ ਰਾਹਤ ਦਿੱਤੀ ਹੈ।
ਐਮਰਜੈਂਸੀ ਦੀ ਸਥਿਤੀ 'ਚ ਯਾਤਰੀ ਲਈ ਧਿਆਨ ਰੱਖਣ ਯੋਗ ਗੱਲ੍ਹਾਂ
ਭਾਰਤੀ ਰੇਲਵੇ ਦੇ ਨਵੇਂ ਨਿਯਮਾਂ ਅਨੁਸਾਰ ਐਮਰਜੈਂਸੀ ਦੀ ਸਥਿਤੀ 'ਚ ਹੁਣ ਤੁਸੀਂ ਪਲੇਟਫਾਰਮ ਟਿਕਟ ਨਾਲ ਵੀ ਯਾਤਰਾ ਕਰ ਸਕਦੇ ਹੋ। ਪਲੇਟਫਾਰਮ ਟਿਕਟ ਤੋਂ ਯਾਤਰਾ ਕਰਨ ਲਈ ਤੁਹਾਨੂੰ ਗਾਰਡ ਦੇ ਆਗਿਆ ਪੱਤਰ(ਪਰਮਿਟ) ਦੀ ਜ਼ਰੂਰਤ ਹੋਵੇਗੀ। ਜੇਕਰ ਤੁਹਾਡੇ ਕੋਲ ਇਸ ਦਾ ਵੀ ਸਮਾਂ ਨਹੀਂ ਹੈ ਤਾਂ ਵੀ ਤੁਸੀਂ ਸਿੱਧੇ ਟ੍ਰੇਨ ਵਿਚ ਚੜ੍ਹ ਕੇ ਉਥੇ ਨਿਯਮਾਂ ਅਨੁਸਾਰ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ। ਰੇਲਵੇ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਆਗਿਆ ਸਰਟੀਫਿਕੇਟ ਆਨ ਡਿਊਟੀ ਗਾਰਡ, ਕੰਡਕਟਰ ਜਾਂ ਦੂਜੀ ਸ਼੍ਰੇਣੀ ਦਾ ਸਟਾਫ ਦੇ ਸਕਦਾ ਹੈ।
ਟ੍ਰੇਨ 'ਚ ਚੜ੍ਹਣ ਤੋਂ ਬਾਅਦ ਦੀ ਪ੍ਰਕਿਰਿਆ
ਪਲੇਟਫਾਰਮ ਟਿਕਟ ਨਾਲ ਯਾਤਰਾ ਕਰਨ ਕਰ ਰਹੇ ਯਾਤਰੀ ਨੂੰ ਟ੍ਰੇਨ 'ਚ ਚੜ੍ਹਣ ਦੇ ਬਾਅਦ ਜਲਦੀ ਤੋਂ ਜਲਦੀ ਟੀ.ਟੀ.ਈ. ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਅਜਿਹੀ ਸਥਿਤੀ ਵਿਚ ਟੀਟੀਈ ਤੁਹਾਨੂੰ ਯਾਤਰਾ ਲਈ ਟਿਕਟ ਬਣਾ ਕੇ ਦੇ ਦੇਵੇਗਾ। ਇਸ ਲਈ ਤੁਹਾਨੂੰ ਯਾਤਰਾ ਦੇ ਅਸਲ ਕਿਰਾਏ ਦੇ ਨਾਲ 250 ਰੁਪਏ ਦੀ ਪੈਨਲਟੀ ਵੀ ਦੇਣੀ ਹੋਵੇਗੀ। ਤੁਸੀਂ ਜਿਸ ਸ਼੍ਰੇਣੀ ਵਿਚ ਸਫਰ ਕਰ ਰਹੇ ਹੋ ਕਿਰਾਇਆ ਉਸੇ ਸ਼੍ਰੇਣੀ ਦਾ ਹੋਵੇਗਾ। ਇਸ ਦੇ ਨਾਲ ਹੀ ਤੁਸੀਂ ਜਿਸ ਸਟੇਸ਼ਨ ਤੋਂ ਚੜ੍ਹੇ ਹੋ ਉਸੇ ਨੂੰ ਬੋਰਡਿੰਗ ਸਟੇਸ਼ਨ ਮੰਨਿਆ ਜਾਵੇਗਾ। ਇਹ ਟਿਕਟ ਯਾਤਰੀ ਨੂੰ ਯਾਤਰਾ ਦੀ ਆਗਿਆ ਤਾਂ ਦਿੰਦਾ ਹੈ ਪਰ ਸੀਟ ਦੇ ਰਿਜ਼ਰਵੇਸ਼ਨ ਦੀ ਗਾਰੰਟੀ ਨਹੀਂ ਦਿੰਦਾ। ਮਤਲਬ ਇਹ ਕਿ ਤੁਹਾਨੂੰ ਸੀਟ ਖਾਲੀ ਨਾ ਹੋਣ ਦੀ ਸਥਿਤੀ ਵਿਚ ਸੀਟ ਨਾਲ ਮਿਲਣ ਦੀ ਜ਼ਿੰਮੇਵਾਰੀ ਰੇਲਵੇ ਦੀ ਨਹੀਂ ਹੋਵੇਗੀ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜੇਕਰ ਕੋਈ ਵਿਅਕਤੀ ਰੇਲਵੇ ਨੂੰ ਧੋਖਾ ਦੇ ਕੇ ਆਪਣੇ ਪੈਸੇ ਬਚਾਉਣ ਲਈ ਪਲੇਟਫਾਰਮ ਟਿਕਟ ਲੈ ਕੇ ਯਾਤਰਾ ਕਰਦਾ ਹੈ ਤਾਂ ਜੁਰਮ ਸਾਬਤ ਹੋਣ ਦੀ ਸਥਿਤੀ ਵਿਚ ਉਸਨੂੰ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਜੇਕਰ ਇਹ ਪਤਾ ਲੱਗਦਾ ਹੈ ਕਿ ਯਾਤਰੀ ਨੇ ਜਾਣਬੂਝ ਕੇ ਪਲੇਟਫਾਰਮ ਟਿਕਟ ਨੂੰ ਯਾਤਰਾ ਟਿਕਟ ਵਿਚ ਨਹੀਂ ਬਦਲਵਾਇਆ ਤਾਂ ਅਜਿਹੀ ਸਥਿਤੀ ਵਿਚ ਦੋਸ਼ੀ ਯਾਤਰੀ 'ਤੇ 1,260 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਮਾਮਲਾ ਵਧਣ 'ਤੇ ਯਾਤਰੀ ਨੂੰ 6 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਜਾਂ ਫਿਰ ਜੁਰਮਾਨਾ ਅਤੇ ਸਜ਼ਾ ਦੋਨੋਂ ਹੋ ਸਕਦੇ ਹਨ।
ਪਲੇਟਫਾਰਮ ਟਿਕਟ ਦੇ ਨਿਯਮ
ਪਲੇਟਫਾਰਮ ਟਿਕਟ ਖਰੀਦਣਾ ਬਹੁਤ ਅਸਾਨ ਹੁੰਦਾ ਹੈ। ਇਹ ਟਿਕਟ ਤੁਹਾਨੂੰ ਸਿਰਫ ਪਲੇਟਫਾਰਮ 'ਤੇ ਜਾਣ ਦੀ ਆਗਿਆ ਦਿੰਦੀ ਹੈ। ਇਹ ਟਿਕਟ ਨਾਲ ਟ੍ਰੇਨ 'ਚ ਸਫਰ ਜਾਂ ਟ੍ਰੇਨ ਦੀਆਂ ਹੋਰ ਸਹੂਲਤਾਂ ਨਹੀਂ ਲਈਆਂ ਜਾ ਸਕਦੀਆਂ। ਇਕ ਪਲੇਟਫਾਰਮ ਟਿਕਟ 10 ਰੁਪਏ ਤੱਕ ਦਾ ਆਉਂਦਾ ਹੈ ਅਤੇ ਇਹ ਸਿਰਫ ਇਕ ਵਿਅਕਤੀ ਲਈ ਹੀ ਹੁੰਦਾ ਹੈ। ਪਲੇਟਫਾਰਮ ਟਿਕਟ ਦੀ ਮਿਆਦ 2 ਘੰਟੇ ਲਈ ਹੁੰਦੀ ਹੈ। ਹਾਲਾਂਕਿ ਜੇਕਰ ਯਾਤਰੀ ਕੋਲ ਉਸ ਦਿਨ ਦਾ ਟ੍ਰੇਨ ਟਿਕਟ ਹੈ ਤਾਂ ਯਾਤਰੀ ਨੂੰ ਪਲੇਟਫਾਰਮ ਟਿਕਟ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੁਸੀਂ ਪਲੇਟਫਾਰਮ ਟਿਕਟ ਨੂੰ UTS ਐਪ ਨਾਲ ਵੀ ਡਾਊਨਲੋਡ ਕਰ ਸਕਦੇ ਹੋ ਪਰ ਇਸ ਨੂੰ IRCTC ਦੀ ਵੈਬਸਾਈਟ ਤੋਂ ਨਹੀਂ ਖਰੀਦਿਆ ਜਾ ਸਕਦਾ।