ਯੋਗੀ ਸਰਕਾਰ ਨੇ 843 ਸਰਕਾਰੀ ਵਕੀਲ ਹਟਾਏ

08/03/2022 11:27:59 AM

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਹਾਈ ਕੋਰਟ ਅਤੇ ਲਖਨਊ ਬੈਂਚ 'ਚ ਸਰਕਾਰ ਵਲੋਂ ਤਾਇਨਾਤ 843 ਸਰਕਾਰੀ ਵਕੀਲਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਨ੍ਹਾਂ 'ਚ ਕਈ ਮੁੱਖ ਸਥਾਈ ਐਡਵੋਕੇਟ, ਐਡੀਸ਼ਨਲ ਮੁੱਖ ਸਥਾਈ ਐਡਵੋਕੇਟ, ਸਥਾਈ ਐਡਵੋਕੇਟ ਅਤੇ ਵਕੀਲ ਸ਼ਾਮਲ ਹਨ। ਨਾਲ ਹੀ ਇਨ੍ਹਾਂ ਅਸਾਮੀਆਂ 'ਤੇ ਕੁੱਲ 586 ਨਵੇਂ ਸਰਕਾਰੀ ਵਕੀਲਾਂ ਨੂੰ ਨਿਯੁਕਤ ਵੀ ਕੀਤਾ ਗਿਆ ਹੈ। 43 ਸਰਕਾਰੀ ਵਕੀਲਾਂ ਦੇ ਮੌਜੂਦਾ ਅਹੁਦੇ ਬਦਲੇ ਗਏ ਹਨ। ਇਨ੍ਹਾਂ 'ਚ ਜ਼ਿਆਦਾਤਰ ਦਾ ਪ੍ਰਮੋਸ਼ਨ ਅਤੇ ਕੁਝ ਦੇ ਅਹੁਦੇ ਹੇਠਾਂ ਕੀਤੇ ਗਏ ਹਨ। ਸਰਕਾਰ ਦੇ ਵਿਸ਼ੇਸ਼ ਸਕੱਤਰ ਨਿਕੁੰਜ ਮਿੱਤਲ ਨੇ ਇਸ ਸੰਬੰਧੀ ਆਦੇਸ਼, ਵਕੀਲਾਂ ਦੀ ਸੂਚੀ ਨਾਲ ਐਡਵੋਕੇਟ ਜਨਰਲ ਨੂੰ ਭੇਜੇ ਹਨ। 

ਇਨ੍ਹਾਂ 'ਚ ਇਲਾਹਾਬਾਦ ਹਾਈ ਕੋਰਟ 'ਚ ਤਾਇਨਾਤ ਵਧੀਕ ਐਡਵੋਕੇਟ ਵਿਨੋਦ ਕਾਂਤ ਸਮੇਤ 505 ਸਰਕਾਰੀ ਵਕੀਲਾਂ ਦਾ ਬਾਂਡ ਤੁਰੰਤ ਪ੍ਰਭਾਵ ਤੋਂ ਖ਼ਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਲਖਨਊ ਬੈਂਚ 'ਚ ਤਾਇਨਾਤ 2 ਮੁੱਖ ਸਥਾਈ ਐਡਵੋਕੇਟਾਂ ਅਜੇ ਕੁਮਾਰ ਪਾਂਡੇ ਅਤੇ ਬਸੰਤ ਲਾਲ ਯਾਦਵ ਅਤੇ 336 ਹੋਰ ਸਰਕਾਰੀ ਵਕੀਲਾਂ ਦਾ ਬਾਂਡ ਖ਼ਤਮ ਕਰ ਦਿੱਤਾ ਗਿਆ ਹੈ। ਇਸੇ ਸਿਲਸਿਲੇ 'ਚ ਸਰਕਾਰ ਨੇ ਇਲਾਹਾਬਾਦ ਹਾਈ ਕੋਰਟ 'ਚ 366 ਅਤੇ ਲਖਨਊ ਬੈਂਚ 'ਚ 220 ਨਵੇਂ ਸਰਕਾਰੀ ਵਕੀਲ ਨਿਯੁਕਤ ਕੀਤੇ ਹਨ। ਅਭਿਨਵ ਨਾਰਾਇਣ ਤ੍ਰਿਵੇਦੀ ਨੂੰ ਲਖਨਊ ਬੈਂਚ 'ਚ ਬਤੌਰ ਮੁੱਖ ਸਥਾਈ ਐਡਵੋਕੇਟ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਇਲਾਹਾਬਾਦ ਹਾਈ ਕੋਰਟ 'ਚ 23 ਅਤੇ ਲਖਨਊ ਬੈਂਚ 'ਚ 20 ਸਰਕਾਰੀ ਵਕੀਲਾਂ ਦੇ ਅਹੁਦੇ ਬਦਲੇ ਗਏ ਹਨ।


DIsha

Content Editor

Related News