ਸੜਕ ਹਾਦਸੇ ’ਚ ਕੁੜੀ ਦੀ ਦਰਦਨਾਕ ਮੌਤ, ਟੂਰ ਤੋਂ ਘਰ ਪਰਤਦੇ ਸਮੇਂ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ

Monday, Nov 28, 2022 - 12:30 PM (IST)

ਸੜਕ ਹਾਦਸੇ ’ਚ ਕੁੜੀ ਦੀ ਦਰਦਨਾਕ ਮੌਤ, ਟੂਰ ਤੋਂ ਘਰ ਪਰਤਦੇ ਸਮੇਂ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ

ਯਮੁਨਾਨਗਰ-(ਸੁਮਿਤ) ਯਮੁਨਾਨਗਰ ਜ਼ਿਲ੍ਹੇ ’ਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿੱਥੇ ਕਾਰ ਨੇ ਬਾਈਕ ’ਤੇ ਜਾ ਰਹੇ ਪਿਓ-ਧੀ ਨੂੰ ਟੱਕਰ ਮਾਰ, ਜਿਸ ਕਾਰਨ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਹਵਾ ’ਚ ਉਛਲ ਗਈ। ਕੁੜੀ ਦੇ ਪਿਓ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਕਾਰ ਸਵਾਰ ਫਰਾਰ ਹੋ ਗਿਆ। ਪੁਲਸ ਨੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁੜੀ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਇਹ ਉਸ ਦਾ ਆਖਰੀ ਟੂਰ ਹੋਵੇਗਾ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਕਾਲਜ ਟੂਰ ’ਤੇ ਗਈ ਸੀ। ਉਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਘਰ ਜਾਣ ਲਈ ਨਿਕਲੀ ਤਾਂ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਵਿਦਿਆਰਥਣ ਦੀ ਮੌਤ ਹੋ ਗਈ। ਵਿਦਿਆਰਥਣ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਇਹ ਉਸ ਦਾ ਆਖ਼ਰੀ ਟੂਰ ਹੋਵੇਗਾ।

ਧੀ ਦੀ ਮੌਤ ਦੀ ਪਿਓ ਅਣਜਾਣ

ਓਧਰ ਜ਼ਖਮੀ ਪਿਓ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਦੀ ਧੀ ਹੁਣ ਇਸ ਦੁਨੀਆ ’ਚ ਨਹੀਂ ਰਹੀ। ਮ੍ਰਿਤਕ ਵਿਦਿਆਰਥਣ ਦੇ ਚਾਚਾ ਨੇ ਦੱਸਿਆ ਕਿ ਉਹ ਰਾਏਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਭਰਾ ਅਤੇ ਭਤੀਜੀ ਦਾ ਐਕਸੀਡੈਂਟ ਹੋ ਗਿਆ ਹੈ ਪਰ ਹਸਪਤਾਲ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਭਤੀਜੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਬੀ. ਏ. ਕਰ ਰਹੀ ਅਤੇ ਕਾਲਜ ਟੂਰ ’ਤੇ ਮੰਸੂਰੀ ਗਈ ਹੋਈ ਸੀ ਅਤੇ ਉਸ ਨੂੰ ਲੈਣ ਲਈ ਮੇਰਾ ਭਰਾ ਕਾਲਜ ਆਇਆ ਸੀ।

ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਜਾਂਚ ਅਧਿਕਾਰੀ ਕੁਸ਼ਲ ਪਾਲ ਰਾਣਾ ਨੇ ਦੱਸਿਆ ਕਿ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ, ਜਿਸ ’ਚ ਇਕ ਕੁੜੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪਿਤਾ ਗੰਭੀਰ ਜ਼ਖਮੀ ਹਨ। ਐਕਸੀਡੈਂਟ ਕਰਨ ਵਾਲੀ ਗੱਡੀ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


author

Tanu

Content Editor

Related News