ਟਰੇਨ ''ਚ ਔਰਤਾਂ ਖੁੱਲ੍ਹੇਆਮ ਵੇਚ ਰਹੀਆਂ ਸਨ ਸ਼ਰਾਬ, ਹੰਗਾਮੇ ਤੋਂ ਬਾਅਦ 2 ਗ੍ਰਿਫਤਾਰ

Saturday, Mar 24, 2018 - 10:26 AM (IST)

ਮੁੰਬਈ— ਗੁਜਰਾਤ ਰਾਜ 'ਚ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ ਟਰੇਨ 'ਚ ਖੁੱਲ੍ਹੇਆਮ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 2 ਔਰਤਾਂ ਦੀ ਗ੍ਰਿਫਤਾਰੀ ਹੋਈ ਹੈ। ਨਾਲ ਹੀ ਜੀ.ਆਰ.ਪੀ., ਆਰ.ਪੀ.ਐੱਫ. ਅਤੇ ਟੀ.ਟੀ. ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸੂਰਤ ਜੀ.ਆਰ.ਪੀ. ਅਤੇ ਆਰ.ਪੀ.ਐੱਫ. ਕਰ ਰਹੀ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਹੋਣ ਵਾਲੀਆਂ ਔਰਤਾਂ 'ਚ ਅੰਜੂ ਬੇਨ ਹਿੰਮਤ ਬਾਈ ਵਾਸਵਾ (22) ਅਤੇ ਦਰਸ਼ਨਾ ਬੇਨ ਸੁਰੇਸ਼ ਬਾਈ ਕੁਸ਼ਵਾਹਾ (30) ਦੇ ਨਾਂ ਸ਼ਾਮਲ ਹਨ। ਬਾਂਦਰਾ ਟਰਮਿਨਸ ਤੋਂ ਕੱਛ ਐਕਸਪ੍ਰੈੱਸ ਟਰੇਨ ਵੀਰਵਾਰ ਦੇਰ ਰਾਤ ਜਿਵੇਂ ਹੀ ਵਲਸਾਡ ਸਟੇਸ਼ਨ  ਪੁੱਜੀ, ਯਾਤਰੀਆਂ ਨੇ ਟਰੇਨ ਦੀ ਚੈੱਨ ਖਿੱਚ ਦਿੱਤੀ। ਯਾਤਰੀਆਂ ਨੇ ਟੀ.ਟੀ. ਤੋਂ ਐੱਸ.-3 ਕੋਚ 'ਚ ਮੌਜੂਦ 2 ਔਰਤਾਂ ਦੀ ਟਿਕਟ ਦੀ ਜਾਂਚ ਦੀ ਮੰਗ ਕੀਤੀ ਪਰ ਟੀ.ਟੀ. ਔਰਤਾਂ ਦਾ ਟਿਕਟ ਜਾਂਚਣ ਦੀ ਬਜਾਏ ਕੋਚ ਤੋਂ ਅੱਗੇ ਵਧ ਗਿਆ। ਇਸ 'ਤੇ ਯਾਤਰੀਆਂ ਨੇ ਕੋਚ 'ਚ ਹੰਗਾਮਾ ਕਰ ਦਿੱਤਾ।
ਪੱਛਮੀ ਰੇਲਵੇ ਵਿਭਾਗੀ ਸੁਰੱਖਿਆ ਕਮਿਸ਼ਨਰ ਅਨੂਪ ਸ਼ੁਕਲਾ ਨੇ ਦੱਸਿਆ ਕਿ ਯਾਤਰੀਆਂ ਨੇ ਟਰੇਨ 'ਚ ਮੌਜੂਦ ਆਰ.ਪੀ.ਐੱਫ. ਸਟਾਫ ਤੋਂ ਔਰਤਾਂ ਦੀ ਜਾਂਚ ਕਰਨ ਨੂੰ ਕਿਹਾ, ਕਿਉਂਕਿ ਆਰ.ਪੀ.ਐੱਪ. ਜਵਾਨ ਪੁਰਸ਼ ਸਨ, ਇਸ ਲਈ ਉਨ੍ਹਾਂ ਨੇ ਔਰਤਾਂ ਦੀ ਜਾਂਚ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਯਾਤਰੀਆਂ ਤੋਂ ਸੂਰਤ ਸਟੇਸ਼ਨ 'ਤੇ ਮਹਿਲਾ ਆਰ.ਪੀ.ਐੱਫ. ਜਵਾਨ ਤੋਂ ਜਾਂਚ ਕਰਵਾਉਣ ਨੂੰ ਕਿਹਾ। ਸੂਰਤ ਪੁੱਜਣ ਤੱਕ ਯਾਤਰੀ ਕੱਛ ਐਕਸਪ੍ਰੈੱਸ 'ਚ ਹੰਗਾਮਾ ਕਰਦੇ ਰਹੇ। ਇਸ ਦੌਰਾਨ ਕੁਝ ਮਹਿਲਾ ਯਾਤਰੀਆਂ ਨੇ ਮਿਲ ਕੇ ਦੋਹਾਂ ਔਰਤਾਂ ਨੂੰ ਟਾਇਲਟ 'ਚ ਲਿਜਾ ਕੇ ਤਲਾਸ਼ੀ ਲਈ। ਔਰਤਾਂ ਦੇ ਕੱਪੜਿਆਂ ਦੇ ਅੰਦਰੋਂ 11 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਟਰੇਨ ਦੇ ਸੂਰਤ ਪੁੱਜਦੇ ਹੀ ਯਾਤਰੀਆਂ ਨੇ ਸ਼ਰਾਬ ਦੀਆਂ ਬੋਤਲਾਂ ਖੋਲ੍ਹ ਕੇ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ।
ਜੀ.ਆਰ.ਪੀ. ਨੇ ਯਾਤਰੀਆਂ ਨੂੰ ਮਾਮਲਾ ਦਰਜ ਕਰਨ ਲਈ ਸਟੇਸ਼ਨ ਚੱਲਣ ਲਈ ਕਿਹਾ, ਇਸ 'ਤੇ ਯਾਤਰੀ ਭੜਕ ਗਏ ਅਤੇ ਉਨ੍ਹਾਂ ਨੇ ਟਰੇਨ 'ਚ ਹੀ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ। ਕੁਝ ਯਾਤਰੀਆਂ ਕਾਰਨ ਪੂਰੀ ਟਰੇਨ ਲੇਟ ਹੋ ਰਹੀ ਸੀ। ਆਖਰਕਾਰ ਕੱਛ ਐਕਸਪ੍ਰੈੱਸ ਨੂੰ ਐੱਸ-3 ਦੇ ਬਿਨਾਂ ਹੀ ਰਵਾਨਾ ਕਰਨਾ ਪਿਆ। ਇਸ ਬਾਰੇ ਆਰ.ਪੀ.ਐੱਫ. (ਪੱਛਮੀ ਰੇਲਵੇ) ਦੇ ਵਿਭਾਗੀ ਸੁਰੱਖਿਆ ਕਮਿਸ਼ਨਰ ਅਨੂਪ ਸ਼ੁਕਲਾ ਨੇ ਦੱਸਿਆ ਕਿ ਆਰ.ਪੀ.ਐੱਫ., ਜੀ.ਆਰ.ਪੀ. ਅਤੇ ਟੀ.ਟੀ. 'ਤੇ ਵੀ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ। ਜੇਕਰ ਮਾਮਲੇ 'ਚ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਸਾਰਿਆਂ ਨੂੰ ਮੁਅੱਤਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰੀਆਂ 'ਤੇ ਵੀ ਕਾਨੂੰਨ ਅਤੇ ਵਿਵਸਥਾ ਦੀ ਪਾਲਣਾ ਕਰਨ ਦੇ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇਗੀ।


Related News