ਉੱਤਰ ਪ੍ਰਦੇਸ਼ : ਔਰਤ ਦੀ ਸੜੀ ਹਾਲਤ ''ਚ ਮਿਲੀ ਲਾਸ਼

Saturday, Jan 18, 2020 - 06:01 PM (IST)

ਉੱਤਰ ਪ੍ਰਦੇਸ਼ : ਔਰਤ ਦੀ ਸੜੀ ਹਾਲਤ ''ਚ ਮਿਲੀ ਲਾਸ਼

ਬਿਜਨੌਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ ਇਕ ਬਗੀਚੇ 'ਚੋਂ ਕਰੀਬ 28 ਸਾਲਾ ਔਰਤ ਦੀ ਲਾਸ਼ ਸੜੀ ਹੋਈ ਹਾਲਤ ਵਿਚ ਮਿਲੀ ਹੈ। ਉਸ ਦੇ ਸਰੀਰ 'ਤੇ ਗੋਲੀ ਲੱਗਣ ਦਾ ਵੀ ਜ਼ਖਮ ਹੈ। ਪੁਲਸ ਨੇ ਦੱਸਿਆ ਕਿ ਬਿਜਨੌਰ ਥਾਣੇ ਦੇ ਗਜਰੌਲੀ ਸ਼ਿਵ ਪਿੰਡ ਵਿਚ ਝਲਰਾ ਮਾਰਗ 'ਤੇ ਸਥਿਤ ਬਾਗ 'ਚ ਉੱਥੋਂ ਦੇ ਠੇਕੇਦਾਰ ਨੇ ਮੰਜੀ ਉਲਟੀ ਪਈ ਦੇਖੀ। ਉਸ ਦੇ ਹੇਠਾਂ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਸੀ। ਥਾਣਾ ਮੁਖੀ ਰਮੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਪਹਿਲੀ ਨਜ਼ਰ ਵਿਚ ਇੰਝ ਜਾਪਦਾ ਹੈ ਕਿ ਔਰਤ ਨੂੰ ਪਹਿਲਾਂ ਬਾਗ 'ਚ ਹੀ ਗੋਲੀ ਮਾਰੀ ਗਈ ਹੈ। ਮੌਤ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਲਈ ਉਸ ਦੀ ਲਾਸ਼ ਨੂੰ ਮੰਜੀ ਨਾਲ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਔਰਤ ਦੇ ਹੱਥਾਂ 'ਚ ਚੂੜੀਆ ਅਤੇ ਕੰਨਾਂ 'ਚ ਵਾਲੀਆਂ ਪਾਈਆਂ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਔਰਤ ਦੇ ਕਤਲ ਤੋਂ ਪਹਿਲਾਂ ਉਸ ਨਾਲ ਰੇਪ ਜਿਹੀ ਘਟਨਾ ਵਾਪਰੀ ਜਾਂ ਨਹੀਂ, ਅਜਿਹੇ ਸਵਾਲਾਂ ਦੇ ਜਵਾਬ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਿਲ ਸਕਣਗੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News