ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼

05/10/2022 10:28:28 AM

ਕੋਟਾ (ਭਾਸ਼ਾ)- ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਚਾਂਦੀ ਦੀ ਝਾਂਜਰ ਚੋਰੀ ਕਰਨ ਦੇ ਸ਼ੱਕ 'ਚ ਇਕ ਔਰਤ ਵਲੋਂ 4 ਸਾਲਾ ਬੱਚੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਕਤਲ ਕਰਨ ਤੋਂ ਬਾਅਦ ਬੱਚੀ ਦੀ ਲਾਸ਼ ਆਪਣੇ ਘਰ 'ਚ ਮਿੱਟੀ ਦੇ ਟਿੱਬੇ 'ਚ ਦਫਨਾ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਜ਼ਿਲ੍ਹੇ ਦੇ ਭਵਾਨੀ ਮੰਡੀ ਥਾਣਾ ਖੇਤਰ 'ਚ 29 ਸਾਲਾ ਔਰਤ ਸ਼ਨੀਵਾਰ ਸ਼ਾਮ ਟੌਫੀ ਦੇਣ ਦੇ ਬਹਾਨੇ ਵਰਗਲਾ ਕੇ ਬੱਚੀ ਨੂੰ ਆਪਣੇ ਘਰ ਲੈ ਗਈ। ਉਸ ਨੇ ਬੱਚੀ ਦੇ ਸਿਰ 'ਤੇ ਪੱਥਰ ਨਾਲ ਵਾਰ ਕੀਤਾ ਅਤੇ ਫਿਰ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਘਰ 'ਚ ਮਿੱਟੀ ਦੇ ਟਿੱਬੇ 'ਚ ਦਫਨਾ ਦਿੱਤੀ। ਗੁੰਮਸ਼ੁਦਗੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਹਰਕਤ 'ਚ ਆਈ।

ਇਹ ਵੀ ਪੜ੍ਹੋ : ਉੱਤਰਾਖੰਡ ਦੇ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਐਤਵਾਰ ਸਵੇਰੇ ਘਰੋਂ ਲਾਸ਼ ਬਰਾਮਦ ਕੀਤੀ ਅਤੇ ਉਸੇ ਰਾਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਸੋਮਵਾਰ ਨੂੰ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਭਵਾਨੀਮੰਡੀ ਪੁਲਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਮਹੇਸ਼ ਸਿੰਘ ਨੇ ਕਿਹਾ ਕਿ ਤਰੁਨਾ ਨਾਮੀ ਔਰਤ ਨੇ ਅਪਰਾਧ ਕਰਨ ਦੀ ਗੱਲ ਸਵੀਕਾਰ ਕੀਤਾ ਹੈ। ਉਸ ਦੇ ਕਬਜ਼ੇ 'ਚੋਂ ਝਾਂਜਰ ਬਰਾਮਦ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਔਰਤ ਨੇ ਘਟਨਾ ਬਾਰੇ ਆਪਣੇ ਪਤੀ ਨੂੰ ਵੀ ਨਹੀਂ ਦੱਸਿਆ। ਚਾਰ ਸਾਲਾ ਬੱਚੀ ਮੱਧ ਪ੍ਰਦੇਸ਼ ਦੇ ਸੁਵਾਸਰਾ ਦੀ ਰਹਿਣ ਵਾਲੀ ਸੀ ਅਤੇ ਪਿਛਲੇ 4 ਮਹੀਨਿਆਂ ਤੋਂ ਆਪਣੀ ਮਾਂ ਨਾਲ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਮੇਹਰਪੁਰ ਪਿੰਡ 'ਚ ਆਪਣੇ ਨਾਨਾ-ਨਾਨੀ ਦੇ ਘਰ ਰਹਿ ਰਹੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News