ਮੋਹਾਲੀ ਦੀ ਮਹਿਲਾ ਫ਼ੌਜੀ ਵੀਰਾਂ ਲਈ ਸਕੂਲੀ ਬੱਚਿਆਂ ਦੀਆਂ ਰੱਖੜੀ ਲੈ ਕੇ LOC ’ਤੇ ਪਹੁੰਚੀ

Tuesday, Aug 09, 2022 - 12:55 PM (IST)

ਮੋਹਾਲੀ ਦੀ ਮਹਿਲਾ ਫ਼ੌਜੀ ਵੀਰਾਂ ਲਈ ਸਕੂਲੀ ਬੱਚਿਆਂ ਦੀਆਂ ਰੱਖੜੀ ਲੈ ਕੇ LOC ’ਤੇ ਪਹੁੰਚੀ

ਸ਼੍ਰੀਨਗਰ- ਮੋਹਾਲੀ ਦੀ ਇਕ ਮਹਿਲਾ ਕਸ਼ਮੀਰ ’ਚ ਕੰਟਰੋਲ ਰੇਖਾ (LOC) ’ਤੇ ਤਾਇਨਾਤ ਫ਼ੌਜ ਦੇ ਜਵਾਨਾਂ ਲਈ ਸਕੂਲੀ ਬੱਚਿਆਂ ਵਲੋਂ ਬਣਾਈ ਗਈ 1500 ਤੋਂ ਵੱਧ ਰੱਖੜੀਆਂ ਲੈ ਕੇ ਇੱਥੇ ਪਹੁੰਚੀ। ਪੰਜਾਬ ’ਚ ਮੋਹਾਲੀ ਦੀ ਜ਼ੀਰਕਪੁਰ ਵਾਸੀ ਰਿੰਕਲ ਕਪੂਰ ਕੁਪਵਾੜਾ ’ਚ ਕੰਟਰੋਲ ਰੇਖਾ ਨੇੜੇ ਫ਼ੌਜ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਪਹੁੰਚੀ। ਸ਼੍ਰੀਨਗਰ ਵਿਚ ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਫ਼ੌਜੀ ਜਵਾਨਾਂ ਲਈ ਹਰੇਕ ਰੱਖੜੀ ਇਕ ਗ੍ਰੀਟਿੰਗ ਕਾਰਡ ਨਾਲ ਜੁੜੀ ਹੋਈ ਹੈ, ਜਿਸ ’ਚ ਬੱਚਿਆਂ ਨੇ ਫ਼ੌਜੀਆਂ ਲਈ ਆਪਣੇ ਸੰਦੇਸ਼ ਲਿਖੇ ਹਨ। ਰਿੰਕਲ ਨੇ ਦੱਸਿਆ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਚੰਡੀਗੜ੍ਹ ਟ੍ਰਾਈਸਿਟੀ ਦੇ ਸਕੂਲੀ ਬੱਚਿਆਂ ਨੂੰ ਸਾਡੀ ਸਰਹੱਦੀ ਚੌਕੀ ’ਤੇ ਤਾਇਨਾਤ ਫ਼ੌਜ ਦੇ ਜਵਾਨਾਂ ਲਈ ਇਸ ਵਿਸ਼ੇਸ਼ ਤੋਹਫ਼ੇ ਲਈ ਉਨ੍ਹਾਂ ਨੂੰ ਇਸ ਕੜੀ ਨਾਲ ਜੋੜਿਆ। 

PunjabKesari

ਰਿੰਕਲ ਨੇ ਕਿਹਾ ਕਿ ਇਹ ਉਸ ਦਾ ਵਿਚਾਰ ਸੀ ਕਿ ਰੱਖੜੀ ’ਤੇ ਉਹ ਆਪਣੇ ਫ਼ੌਜੀ ਵੀਰਾਂ ਨਾਲ ਰਹੇ। ਮੈਂ ਸੋਚਿਆ ਕਿ ਮੈਨੂੰ ਹੋਰਨਾਂ ਨੂੰ ਵੀ ਜੋੜਨਾ ਚਾਹੀਦਾ ਹੈ ਅਤੇ ਫ਼ੈਸਲਾ ਕੀਤਾ ਕਿ ਵਿਦਿਆਰਥੀਆਂ ਨੂੰ ਇਸ ਕੜੀ ’ਚ ਜੋੜਨਾ ਸਭ ਤੋਂ ਚੰਗੀ ਗੱਲ ਹੋਵੇਗੀ। ਰਿੰਕਲ ਨੇ ਇਸ ਕੜੀ ’ਚ ਜੋੜਨ ਲਈ ਚੰਡੀਗੜ੍ਹ ਅਤੇ ਮੋਹਾਲੀ ਦੇ 5 ਸਕੂਲਾਂ ਨੂੰ ਸ਼ਾਮਲ ਕੀਤਾ ਅਤੇ ਆਪਣੇ ਫ਼ੌਜੀ ਭਰਾਵਾਂ ਨੂੰ ਤੋਹਫੇ ਵਜੋਂ 1500 ਰੱਖੜੀਆਂ ਅਤੇ ਇੰਨੇ ਹੀ ਗ੍ਰੀਟਿੰਗ ਕਾਰਡ ਭੇਟ ਕਰਨ ਲਈ ਬਣਵਾਏ। ਸਾਬਕਾ ਬੈਂਕ ਕਰਮਚਾਰੀ ਨੇ ਕਿਹਾ ਕਿ ਫੌਜੀਆਂ ਲਈ ਉਨ੍ਹਾਂ ਦਾ ਪਿਆਰ ਖਾਸ ਤੌਰ 'ਤੇ ਹੋਰ ਵਧ ਗਿਆ, ਜਦੋਂ ਸਾਲ 2020 ਵਿਚ ਉੱਤਰੀ ਕਸ਼ਮੀਰ ਦੇ ਹੰਦਵਾੜਾ ’ਚ ਅੱਤਵਾਦੀਆਂ ਨਾਲ ਲੜਦੇ ਹੋਏ ਕਮਾਂਡਿੰਗ ਅਫਸਰ ਕਰਨਲ ਆਸ਼ੂਤੋਸ਼ ਸ਼ਰਮਾ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਮੁਕਾਬਲੇ 'ਚ ਇਕ ਪਾਕਿਸਤਾਨੀ ਨਾਗਰਿਕ ਸਮੇਤ ਦੋ ਅੱਤਵਾਦੀ ਵੀ ਮਾਰੇ ਗਏ। 

ਰਿੰਕਲ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਇਸ ਸਾਲ ਹੰਦਵਾੜਾ ਆਏ ਸਨ ਅਤੇ ਹੰਦਵਾੜਾ ਵਿਚ ਕਰਨਲ ਆਸ਼ੂਤੋਸ਼ ਦੀ ਯੂਨਿਟ ’ਚ ਇਕ ਵਿਸ਼ੇਸ਼ ਸਮਾਗਮ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਅਸੀਂ 6 ਅਗਸਤ ਨੂੰ ਸ਼੍ਰੀਨਗਰ ਪਹੁੰਚੇ ਅਤੇ ਹੁਣ ਤੱਕ ਸ਼੍ਰੀਨਗਰ ਅਤੇ ਮਾਛਿਲ ’ਚ ਵੱਖ-ਵੱਖ ਫੌਜੀ ਯੂਨਿਟਾਂ ਦਾ ਦੌਰਾ ਕੀਤਾ ਹੈ। ਅਸੀਂ ਆਉਣ ਵਾਲੇ ਦਿਨਾਂ ਵਿਚ ਗੁਰੇਜ਼ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਾਂ। ਰਿੰਕਲ ਨੇ ਕਿਹਾ ਕਿ ਉਹ ਕਿਸੇ ਵੀ NGO ਦਾ ਹਿੱਸਾ ਨਹੀਂ ਹੈ।


author

Tanu

Content Editor

Related News