ਮਾਕਪਾ ਦੀ ਮਹਿਲਾ ਨੇਤਾ ਨੇ ਲਾਇਆ ਸਾਈਬਰ ਸ਼ੋਸ਼ਣ ਦਾ ਦੋਸ਼
Thursday, Dec 12, 2024 - 11:01 PM (IST)
ਕੋਲਮ, (ਭਾਸ਼ਾ)- ਕੇਰਲ ’ਚ ਸੱਤਾ ਧਿਰ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੀ ਇਕ ਮਹਿਲਾ ਨੇਤਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਕੋਲਮ ਜ਼ਿਲਾ ਸੰਮੇਲਨ ਦੌਰਾਨ ਬੀਅਰ ਦੀ ਬੋਤਲ ਵਰਗੀ ਦਿਸਣ ਵਾਲੀ ਇਕ ਬੋਤਲ ’ਚੋਂ ਪਾਣੀ ਪੀਣ ਦਾ ਦ੍ਰਿਸ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਾਈਬਰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।
ਫੇਸਬੁੱਕ ’ਤੇ ਇਕ ਪੋਸਟ ’ਚ ਮਾਕਪਾ ਸੂਬਾ ਕਮੇਟੀ ਦੀ ਮੈਂਬਰ ਚਿੰਤਾ ਜੇਰੋਮ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਰੁੰਗਲੀ ਪਾਣੀ (ਇਕ ਹਰਬਲ ਪੀਣ ਵਾਲਾ ਪਾਣੀ) ਦੀ ਬੋਤਲ ਨੂੰ ‘ਬੀਅਰ’ ਸਮਝ ਸਕਦਾ ਹੈ, ਤਾਂ ਤੁਸੀਂ ਸੋਚੋ ਉਸ ਦੀ ਮਾਨਸਿਕਤਾ ਕੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਕਪਾ ਦੇ ਸੰਮੇਲਨ ’ਚ ‘ਗ੍ਰੀਨ ਪ੍ਰੋਟੋਕਾਲ’ ਦੀ ਪਾਲਣਾ ਕੀਤੀ ਜਾਂਦੀ ਹੈ, ਜੋ ਗ੍ਰੀਨ ਰਾਜਨੀਤੀ ਦੀ ਦਿਸ਼ਾ ’ਚ ਇਕ ਉਦਾਹਰਣ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਪਲਾਸਟਿਕ ਦੀਆਂ ਬੋਤਲਾਂ ਦੀ ਥਾਂ ਕਰੁੰਗਲੀ ਪੀਣ ਵਾਲੇ ਪਾਣੀ ਨਾਲ ਭਰੀਆਂ ਦੁਬਾਰਾ ਵਰਤਣਯੋਗ ਬੋਤਲਾਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਸੰਮੇਲਨ ਹਾਲ ’ਚ ਵੰਡਿਆ ਗਿਆ।