ਸਾਈਬਰ ਅਲਰਟ: ਨਕਲੀ ਈਮੇਲ ਦੀ ਇੰਝ ਕਰੋ ਪਛਾਣ, ਬਚਾਓ ਆਪਣਾ ਬੈਂਕ ਖਾਤਾ
Saturday, Feb 14, 2026 - 03:15 PM (IST)
ਗੈਜੇਟ ਡੈਸਕ - ਅੱਜ ਦੇ ਡਿਜੀਟਲ ਦੌਰ 'ਚ ਈਮੇਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਬੈਂਕਿੰਗ ਤੋਂ ਲੈ ਕੇ ਆਨਲਾਈਨ ਸ਼ਾਪਿੰਗ ਤੱਕ ਹਰ ਕੰਮ ਈਮੇਲ ਰਾਹੀਂ ਹੁੰਦਾ ਹੈ, ਪਰ ਇਸੇ ਸਹੂਲਤ ਦਾ ਫਾਇਦਾ ਚੁੱਕ ਕੇ ਸਾਈਬਰ ਅਪਰਾਧੀ 'ਈਮੇਲ ਸਪੂਫਿੰਗ' ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਹ ਨਕਲੀ ਈਮੇਲਾਂ ਇੰਨੀਆਂ ਅਸਲੀ ਲੱਗਦੀਆਂ ਹਨ ਕਿ ਲੋਕ ਬਿਨਾਂ ਸੋਚੇ-ਸਮਝੇ ਲਿੰਕ 'ਤੇ ਕਲਿੱਕ ਕਰ ਦਿੰਦੇ ਹਨ ਅਤੇ ਆਪਣੀ ਨਿੱਜੀ ਜਾਣਕਾਰੀ ਗੁਆ ਬੈਠਦੇ ਹਨ।
ਕੀ ਹੈ ਈਮੇਲ ਸਪੂਫਿੰਗ ਅਤੇ ਇਹ ਕਿਵੇਂ ਕੰਮ ਕਰਦੀ ਹੈ?
ਈਮੇਲ ਸਪੂਫਿੰਗ ਇਕ ਅਜਿਹੀ ਸਾਈਬਰ ਤਕਨੀਕ ਹੈ ਜਿਸ 'ਚ ਅਪਰਾਧੀ ਕਿਸੇ ਭਰੋਸੇਮੰਦ ਵਿਅਕਤੀ ਜਾਂ ਸੰਸਥਾ ਦੇ ਨਾਮ 'ਤੇ ਫਰਜ਼ੀ ਈਮੇਲ ਭੇਜਦੇ ਹਨ। ਇਸ 'ਚ ਈਮੇਲ ਦੇ 'ਫਰੌਮ ਐਡਰੈੱਸ' ਅਤੇ 'ਹੈਡਰ' ਨੂੰ ਇਸ ਤਰ੍ਹਾਂ ਬਦਲਿਆ ਜਾਂਦਾ ਹੈ ਕਿ ਯੂਜ਼ਰ ਨੂੰ ਲੱਗਦਾ ਹੈ ਕਿ ਮੇਲ ਕਿਸੇ ਜਾਣਕਾਰ ਵੱਲੋਂ ਆਈ ਹੈ। ਇਹ ਧੋਖਾਧੜੀ SMTP ਪ੍ਰੋਟੋਕੋਲ ਦੀ ਮਦਦ ਨਾਲ ਸੰਭਵ ਹੁੰਦੀ ਹੈ, ਜਿੱਥੇ ਭੇਜਣ ਵਾਲੇ ਦਾ ਪਤਾ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।
ਨਕਲੀ ਈਮੇਲ ਨੂੰ ਪਛਾਣਨ ਦੇ 5 ਅਹਿਮ ਨੁਕਤੇ :
- ਸਿਰਫ ਭੇਜਣ ਵਾਲੇ ਦਾ ਨਾਮ ਨਾ ਦੇਖੋ, ਪੂਰਾ ਈਮੇਲ ਪਤਾ ਚੈੱਕ ਕਰੋ। ਅਕਸਰ ਡੋਮੇਨ 'ਚ ਮਾਮੂਲੀ ਬਦਲਾਅ ਹੁੰਦਾ ਹੈ, ਜਿਵੇਂ amazon.com ਦੀ ਥਾਂ amaz0n.com ਲਿਖਿਆ ਹੋ ਸਕਦਾ ਹੈ।
- ਫਰਜ਼ੀ ਈਮੇਲਾਂ 'ਚ ਅਕਸਰ "ਤੁਹਾਡਾ ਖਾਤਾ ਹੁਣੇ ਬੰਦ ਹੋ ਜਾਵੇਗਾ, ਤੁਰੰਤ ਕਾਰਵਾਈ ਕਰੋ" ਵਰਗੀਆਂ ਚੇਤਾਵਨੀਆਂ ਦੇ ਕੇ ਡਰ ਦਾ ਮਾਹੌਲ ਬਣਾਇਆ ਜਾਂਦਾ ਹੈ।
- ਜੇਕਰ ਈਮੇਲ 'ਚ ਸਪੈਲਿੰਗ ਦੀਆਂ ਗਲਤੀਆਂ ਜਾਂ ਅਜੀਬ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਤਾਂ ਸਾਵਧਾਨ ਹੋ ਜਾਓ।
- ਕਿਸੇ ਵੀ ਅਟੈਚਮੈਂਟ ਜਾਂ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਮਾਊਸ ਨੂੰ ਉਸ ਉੱਪਰ ਲੈ ਕੇ ਜਾਓ (Hover)। ਇਸ ਨਾਲ ਪਤਾ ਲੱਗ ਜਾਵੇਗਾ ਕਿ ਉਹ ਲਿੰਕ ਅਸਲ 'ਚ ਤੁਹਾਨੂੰ ਕਿਸ ਵੈੱਬਸਾਈਟ 'ਤੇ ਲੈ ਕੇ ਜਾ ਰਿਹਾ ਹੈ।
- ਕੋਈ ਵੀ ਬੈਂਕ ਜਾਂ ਨਾਮੀ ਸੰਸਥਾ ਕਦੇ ਵੀ ਈਮੇਲ ਰਾਹੀਂ ਤੁਹਾਡਾ ਪਾਸਵਰਡ, ਓ.ਟੀ.ਪੀ. (OTP) ਜਾਂ ਬੈਂਕ ਡਿਟੇਲ ਨਹੀਂ ਮੰਗਦੀ।
ਤਕਨੀਕੀ ਜਾਣਕਾਰੀ ਰੱਖਣ ਵਾਲੇ ਯੂਜ਼ਰ ਈਮੇਲ ਹੈਡਰ 'ਚ 'Received' ਅਤੇ 'Return-Path' ਵਰਗੇ ਵੇਰਵੇ ਦੇਖ ਕੇ ਵੀ ਅਸਲੀ ਸਰੋਤ ਦਾ ਪਤਾ ਲਗਾ ਸਕਦੇ ਹਨ।
