50 ਲੱਖ ਦੇ ਬੀਮੇ ਲਈ ਪਤੀ ਦੀ ਹੱਤਿਆ; ਪਤਨੀ, ਸਾਲੀ ਤੇ ਪ੍ਰੇਮੀ ਗ੍ਰਿਫਤਾਰ
Tuesday, Dec 31, 2024 - 03:25 AM (IST)
            
            ਬਾਂਸਵਾੜਾ - ਬਾਂਸਵਾੜਾ ’ਚ 50 ਲੱਖ ਰੁਪਏ ਦੇ ਬੀਮੇ ਲਈ ਪਤਨੀ ਨੇ ਆਪਣੇ ਪ੍ਰੇਮੀ ਤੇ ਭੈਣ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮਾਂ ਨੇ ਕਤਲ ਨੂੰ ਸੜਕ ਹਾਦਸੇ ਦਾ ਰੂਪ ਦੇਣ ਲਈ ਲਾਸ਼ ਨੂੰ ਹਾਈਵੇਅ ’ਤੇ ਸੁੱਟ ਕੇ ਕਾਰ ਨਾਲ ਦਰੜ ਦਿੱਤਾ। ਪੁਲਸ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪਤਨੀ ਕਾਂਤਾ, ਉਸ ਦੀ ਭੈਣ ਕਮਲਾ ਅਤੇ ਪ੍ਰੇਮੀ ਦਿਨੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। 2 ਹੋਰ ਮੁਲਜ਼ਮ ਫਰਾਰ ਹਨ। ਇਹ ਘਟਨਾ ਬਾਂਸਵਾੜਾ ਦੇ ਸਦਰ ਇਲਾਕੇ ਦੀ ਹੈ।
ਐੱਸ. ਪੀ. ਹਰਸ਼ਵਰਧਨ ਅਗਰਵਾਲ ਅਨੁਸਾਰ ਕਾਂਤਾ (35), ਉਸਦੀ ਭੈਣ ਕਮਲਾ (42) ਅਤੇ ਪ੍ਰੇਮੀ ਦਿਨੇਸ਼ ਮਈਡਾ (38) ਨੇ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। 25 ਦਸੰਬਰ ਦੀ ਰਾਤ ਨੂੰ ਨੈਸ਼ਨਲ ਹਾਈਵੇਅ ’ਤੇ ਇਕ ਕੱਟੀ ਹੋਈ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਕਾਲੂ (37) ਵਜੋਂ ਹੋਈ ਸੀ। ਕਾਲੂ ਦੀ ਸ਼ਨਾਖਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਕਾਂਤਾ ਦਾ ਦਿਨੇਸ਼ ਮਈਡਾ ਨਾਲ ਨਾਜਾਇਜ਼ ਸਬੰਧ ਚੱਲ ਰਹੇ ਸਨ।
