ਆਸਾਮ ’ਚ ਹਰ ਬੂਥ ’ਤੇ 50 ਫੀਸਦੀ ਵੋਟ ਲਿਆਉਣ ਦਾ ਟੀਚਾ : ਨਿਤਿਨ ਨਬੀਨ
Wednesday, Feb 18, 2026 - 11:30 PM (IST)
ਡਿਬਰੂਗੜ੍ਹ, (ਆਸਾਮ), (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਬੁੱਧਵਾਰ ਨੂੰ ਆਸਾਮ ’ਚ ਪਾਰਟੀ ਵਰਕਰਾਂ ਲਈ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਰੇਕ ਬੂਥ ’ਤੇ ਘੱਟੋ-ਘੱਟ 50 ਫੀਸਦੀ ਵੋਟ ਹਾਸਲ ਕਰਨ ਦਾ ਟੀਚਾ ਨਿਰਧਾਰਤ ਕੀਤਾ। ਉਨ੍ਹਾਂ ਨੇ ਕਾਂਗਰਸ ’ਤੇ ਆਸਾਮ ਨੂੰ ‘ਵੋਟ ਬੈਂਕ ਦੀ ਰਾਜਨੀਤੀ’ ਲਈ ਇਸਤੇਮਾਲ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰ ‘ਬੇਚੈਨ’ ਹੈ ਕਿਉਂਕਿ ਭਾਜਪਾ ਸਰਕਾਰ ‘ਬੰਗਲਾਦੇਸ਼ੀ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢ ਰਹੀ ਹੈ।’
ਆਪਣੇ ਦੋ ਦਿਨਾ ਆਸਾਮ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਨਬੀਨ ਨੇ ਇੱਥੇ ਇਕ ‘ਪੰਨਾ ਪ੍ਰਮੁੱਖ ਸੰਮੇਲਨ’ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਰੇਕ ਬੂਥ ’ਤੇ ਘੱਟੋ-ਘੱਟ 50 ਫੀਸਦੀ ਵੋਟ ਹਾਸਲ ਕਰਨ ਦਾ ਟੀਚਾ ਨਿਰਧਾਰਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਲਗਾਤਾਰ ਤੀਜੀ ਜਿੱਤ ਹਾਸਲ ਕਰਨ ਆਏ ਹਾਂ ਪਰ ਮੈਂ ਸਾਧਾਰਨ ਜਿੱਤ ਤੋਂ ਸੰਤੁਸ਼ਟ ਨਹੀਂ ਹਾਂ। ਮੈਂ ਤੁਹਾਨੂੰ ਇਕ ਟੀਚਾ ਦਿੰਦਾ ਹਾਂ - ਸਾਰੇ ਬੂਥਾਂ ਤੋਂ 50 ਫੀਸਦੀ ਵੋਟ ਲਿਆਓ। ਇਸ ਨਾਲ ਕਾਂਗਰਸ ਦਾ ਭਵਿੱਖ ਹਮੇਸ਼ਾ ਲਈ ਬਦਲ ਜਾਵੇਗਾ।
ਆਸਾਮ ਵਿਧਾਨ ਸਭਾ ਦੇ 126 ਚੋਣ ਹਲਕਿਆਂ ਲਈ ਚੋਣਾਂ ਇਸ ਸਾਲ ਮਾਰਚ-ਅਪ੍ਰੈਲ ’ਚ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ’ਚ ਆਸਾਮ ਵਿਧਾਨ ਸਭਾ ’ਚ ਸੱਤਾਧਾਰੀ ਭਾਜਪਾ ਦੀ ਗਿਣਤੀ 64 ਹੈ, ਜਦਕਿ ਉਸ ਦੇ ਸਹਿਯੋਗੀ ਏ. ਜੀ. ਪੀ. ਕੋਲ 9 ਵਿਧਾਇਕ, ਯੂ. ਪੀ. ਪੀ. ਐੱਲ. ਕੋਲ 7 ਅਤੇ ਬੀ. ਪੀ. ਐੱਫ. ਕੋਲ 3 ਮੈਂਬਰ ਹਨ। ਨਬੀਨ ਨੇ ਕਾਂਗਰਸ ’ਤੇ ਸੱਤਾ ’ਚ ਰਹਿੰਦੇ ਹੋਏ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਵੀ ਦੋਸ਼ ਲਾਇਆ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਉਨ੍ਹਾਂ ਸਾਰੇ ਕਾਂਗਰਸ ਨੇਤਾਵਾਂ ਲਈ ਇਕ ਸੰਦੇਸ਼ ਹੋਵੇਗਾ ਜਿਨ੍ਹਾਂ ਨੇ ਵਿਦੇਸ਼ੀ ਤਾਕਤਾਂ ਨਾਲ ਹੱਥ ਮਿਲਾਇਆ ਅਤੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕੀਤਾ।
ਉਨ੍ਹਾਂ ਕਿਹਾ ਕਿ ਆਸਾਮ ’ਚ ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ’ਚ ਸ਼ਾਮਲ ਹੈ। ਉਨ੍ਹਾਂ ਕੋਲ ਸੂਬੇ ਲਈ ਕੋਈ ਨੀਤੀ, ਇਰਾਦਾ ਅਤੇ ਸਮਰੱਥਾ ਨਹੀਂ ਸੀ। ਪਰ ਭਾਜਪਾ ਕੋਲ ਇਹ ਤਿੰਨੋਂ ਗੁਣ ਹਨ ਅਤੇ ਅਸੀਂ ਜਨਤਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
