ਪਤੀ ਨੇ ਗਰਭਵਤੀ ਪਤਨੀ ਦਾ ਕੈਂਚੀ ਨਾਲ ਗਲਾ ਵੱਢ ਕੇ ਕੀਤਾ ਕਤਲ; ਫਿਰ ਰਚੀ ਲੁੱਟ ਦੀ ਝੂਠੀ ਕਹਾਣੀ
Wednesday, Feb 18, 2026 - 05:41 PM (IST)
ਝੱਜਰ- ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਇਕ ਚਾਰਟਰਡ ਅਕਾਊਂਟੈਂਟ (CA) ਵੱਲੋਂ ਆਪਣੀ 2 ਮਹੀਨਿਆਂ ਦੀ ਗਰਭਵਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਪਤੀ ਨੇ ਕਤਲ ਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਲਈ ਲੁੱਟ ਅਤੇ ਅਗਵਾ ਦੀ ਝੂਠੀ ਕਹਾਣੀ ਵੀ ਘੜੀ, ਪਰ ਪੁਲਸ ਦੀ ਸਖ਼ਤੀ ਅੱਗੇ ਉਸ ਦਾ ਝੂਠ ਜ਼ਿਆਦਾ ਦੇਰ ਟਿਕ ਨਹੀਂ ਸਕਿਆ।
ਕੀ ਹੈ ਪੂਰਾ ਮਾਮਲਾ?
ਪੁਲਸ ਅਨੁਸਾਰ ਮੁਲਜ਼ਮ ਅੰਸ਼ੁਲ ਧਵਨ (31) ਅਤੇ ਮਹਿਕ (27) ਦਾ ਵਿਆਹ ਪਿਛਲੇ ਸਾਲ ਸਤੰਬਰ 'ਚ ਹੋਇਆ ਸੀ ਅਤੇ ਦੋਵੇਂ ਗੁਰੂਗ੍ਰਾਮ 'ਚ ਕੰਮ ਕਰਦੇ ਸਨ। ਐਤਵਾਰ ਰਾਤ ਅੰਸ਼ੁਲ ਨੇ ਪੁਲਸ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਕੁਝ ਅਣਪਛਾਤੇ ਲੋਕਾਂ ਨੇ ਉਸ ਦੀ ਕਾਰ ਲੁੱਟ ਲਈ ਹੈ ਅਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਇਕ ਸੁੱਕੀ ਨਹਿਰ ਕੋਲੋਂ ਮਹਿਕ ਦੀ ਲਾਸ਼ ਮਿਲੀ, ਜਿਸ ਦੇ ਗਲੇ 'ਤੇ ਡੂੰਘੇ ਜ਼ਖ਼ਮ ਸਨ।
ਸ਼ੱਕ ਦੇ ਆਧਾਰ 'ਤੇ ਖੁੱਲ੍ਹਿਆ ਰਾਜ਼
ਇੰਸਪੈਕਟਰ ਸੁਰੇਸ਼ (SHO ਬਾਦਲੀ) ਨੇ ਦੱਸਿਆ ਕਿ ਅੰਸ਼ੁਲ ਦੇ ਬਿਆਨਾਂ 'ਚ ਵਾਰ-ਵਾਰ ਬਦਲਾਅ ਦੇਖ ਕੇ ਪੁਲਸ ਨੂੰ ਸ਼ੱਕ ਹੋਇਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੇ ਦਸਤਾਨੇ ਪਾ ਕੇ ਕੈਂਚੀ ਨਾਲ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ।
ਕਤਲ ਪਿੱਛੇ ਵਜ੍ਹਾ: 'ਸ਼ੱਕ ਦੀ ਬੀਮਾਰੀ'
ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਸ਼ੁਲ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਦੀ ਪਤਨੀ ਆਪਣੇ ਦੋਸਤਾਂ ਨਾਲ ਗੱਲ ਕਰਦੀ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਪਹਿਲਾਂ ਹੀ ਕਤਲ ਦੀ ਪੂਰੀ ਸਾਜ਼ਿਸ਼ ਰਚੀ ਸੀ।
ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ
ਮ੍ਰਿਤਕਾ ਦੀ ਭੈਣ ਸ਼ਰੂਤੀ ਨੇ ਦੱਸਿਆ ਕਿ ਮਹਿਕ 2 ਮਹੀਨਿਆਂ ਦੀ ਗਰਭਵਤੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਅੰਸ਼ੁਲ ਨੇ ਇਹ ਸਭ ਯੋਜਨਾਬੱਧ ਤਰੀਕੇ ਨਾਲ ਕੀਤਾ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
