ਤਲਾਕ ਦੇ ਵਿਵਾਦ ਨੇ ਲਿਆ ਖ਼ੂਨੀ ਰੂਪ: ਪਤੀ ਨੇ ਪਤਨੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ
Saturday, Feb 21, 2026 - 03:29 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਸ਼ੁੱਕਰਵਾਰ ਰਾਤ ਇਕ ਵਿਅਕਤੀ ਨੇ ਵੱਖ ਰਹੀ ਆਪਣੀ ਪਤਨੀ ਦਾ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੋੜੇ ਦਾ ਤਲਾਕ ਦਾ ਮਾਮਲਾ ਅਦਾਲਤ 'ਚ ਪੈਂਡਿੰਗ ਸੀ। ਸੰਗੀਤਾ ਦੇਵੀ (30) ਅਤੇ ਉਸ ਦੇ 2 ਬੱਚੇ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਵੱਖ ਰਹਿ ਰਹੇ ਸਨ। ਪੁਲਸ ਅਨੁਸਾਰ, ਇਹ ਘਟਨਾ ਬਸੰਤਪੁਰ ਪਿੰਡ ਦੀ ਸਨਲਾਈਟ ਕਾਲੋਨੀ 'ਚ ਰਾਤ ਕਰੀਬ 8 ਵਜੇ ਵਾਪਰੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸੰਗੀਤਾ ਦੇ ਪਤੀ ਅਤੇ ਸਹੁਰੇ ਪੱਖ ਦੇ ਕੁਝ ਲੋਕ ਉਸ ਦੇ ਘਰ ਪਹੁੰਚੇ ਪਰ ਉਸ ਸਮੇਂ ਉਹ ਬਾਹਰ ਗਈ ਹੋਈ ਸੀ। ਜਦੋਂ ਉਹ ਉੱਥੇ ਨਹੀਂ ਮਿਲੀ ਤਾਂ ਉਹ ਲੋਕ ਜਾਣ ਲੱਗੇ ਪਰ ਉਦੋਂ ਉਨ੍ਹਾਂ ਨੇ ਸੰਗੀਤਾ ਨੂੰ ਸੜਕ 'ਤੇ ਆਉਂਦੇ ਦੇਖਿਆ ਅਤੇ ਉਸ ਨੂੰ ਰੋਕਿਆ।
ਪੁਲਸ ਅਨੁਸਾਰ, ਇਸ ਤੋਂ ਬਾਅਦ ਦੋਵਾਂ ਪੱਖਾਂ ਵਿਚਾਲੇ ਸ਼ੁਰੂ ਹੋਈ ਬਹਿਸ ਵਧ ਗਈ। ਇਸ ਦੌਰਾਨ ਜਦੋਂ ਸੰਗੀਤਾ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਿੱਛੇ ਹਟੀ, ਉਦੋਂ ਉਸ ਦੇ ਪਤੀ ਨੇ ਉਸ 'ਤੇ ਤਿੰਨ ਗੋਲੀਆਂ ਚਲਾ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਕੇ ਸੜਕ 'ਤੇ ਡਿੱਗ ਗਈ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ, ਜਿਸ ਨਾਲ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ। ਸੰਗੀਤਾ ਦੇ ਪਿਤਾ ਵੀ ਮੌਕੇ 'ਤੇ ਪਹੁੰਚੇ ਅਤੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਸੈਕਟਰ 31 ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਹੈ। ਪੱਲਾ ਥਾਣਾ ਇੰਚਾਰਜ ਇੰਸਪੈਕਟਰ ਸੱਤਿਆ ਪ੍ਰਕਾਸ਼ ਨੇ ਕਿਹਾ,''ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਿਹਾਰ ਵਾਸੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਗਠਿਤ ਕੀਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਪਤੀ-ਪਤਨੀ ਵਿਚਾਲੇ ਤਲਾਕ ਦਾ ਵਿਵਾਦ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
