ਮਾਇਆਵਤੀ ਕਿਉਂ ਲਿਖ ਰਹੀ ਹੈ ਬਸਪਾ ਦਾ ‘ਸ਼ੋਕ ਸੰਦੇਸ਼’ ?

Friday, Apr 18, 2025 - 09:19 PM (IST)

ਮਾਇਆਵਤੀ ਕਿਉਂ ਲਿਖ ਰਹੀ ਹੈ ਬਸਪਾ ਦਾ ‘ਸ਼ੋਕ ਸੰਦੇਸ਼’ ?

ਨੈਸ਼ਨਲ ਡੈਸਕ- ਸਿਆਸੀ ਵਿਸ਼ਲੇਸ਼ਕ ਇਸ ਗੱਲ ਲਈ ਹੈਰਾਨ ਹਨ ਕਿ ਮਾਇਆਵਤੀ ਆਪਣੀ ਹੀ ਪਾਰਟੀ ਦਾ ‘ਸ਼ੋਕ ਸੰਦੇਸ਼’ ਕਿਉਂ ਲਿਖ ਰਹੀ ਹੈ?

ਉਹ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਮਾਇਆਵਤੀ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਇਸ ਲਈ ਖਤਮ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਤੇ ਪਾਰਟੀ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮਾਮਲੇ ਚੱਲ ਰਹੇ ਹਨ।

ਇਹ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਮਾਇਆਵਤੀ ਬਹੁਤ ਦਬਾਅ ਹੇਠ ਹੈ ਕਿਉਂਕਿ ਉਨ੍ਹਾਂ ਨੂੰ ਈ. ਡੀ. ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸੰਬੰਧੀ ਕਾਰਵਾਈ ਕੀਤੇ ਜਾਣ ਦਾ ਡਰ ਹੈ।

ਮਾਇਆਵਤੀ ਦੇ ਭਰਾ ਵਿਰੁੱਧ ਮਾਮਲਾ 2009 ’ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੌਰਾਨ ਦਰਜ ਕੀਤਾ ਗਿਆ ਸੀ। ਉਦੋਂ ਤੋਂ ‘ਬਹੁਤ ਸਾਰਾ ਪਾਣੀ ਗੰਗਾ ’ਚ ਵਹਿ ਗਿਆ ਹੈ’। ਇਹ ਮਾਮਲਾ ਹਮੇਸ਼ਾ ਵਾਂਗ ਅਦਾਲਤਾਂ ’ਚ ਉਲਝਿਆ ਰਿਹਾ ਤੇ ਕਈ ਸਾਲਾਂ ਤੱਕ ਕਿਸੇ ਨੇ ਉਨ੍ਹਾਂ ਬਾਰੇ ਨਹੀਂ ਸੁਣਿਆ।

ਇਹ ਵੀ ਇਹ ਇਕ ਭੇਦ ਹੈ ਕਿ 2007 ’ਚ ਯੂ. ਪੀ. ਨੂੰ ਆਪਣੇ ਦਮ ’ਤੇ ਜਿੱਤਣ ਤੋਂ ਬਾਅਦ ਬਸਪਾ ਦਾ 2012 ’ਚ ਪਤਨ ਸ਼ੁਰੂ ਹੋਇਆ । ਅੱਜ ਪਾਰਟੀ ਕੋਲ ਲੋਕ ਸਭਾ ਦੀ ਕੋਈ ਸੀਟ ਨਹੀਂ ਹੈ। ਯੂ. ਪੀ. ’ਚ ਪਾਰਟੀ ਦਾ ਇਕਲੌਤਾ ਵਿਧਾਇਕ ਵੀ ਯੋਗੀ ਆਦਿੱਤਿਆਨਾਥ ਦੇ ਗੁਣ ਗਾ ਰਿਹਾ ਹੈ।

ਇਹ ਦਲੀਲ ਦਿੱਤੀ ਜਾਂਦੀ ਹੈ ਕਿ 2014 ਤੋਂ 30 ਤੋਂ ਵੱਧ ਵਿਰੋਧੀ ਆਗੂ ਭ੍ਰਿਸ਼ਟਾਚਾਰ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਨ । ਉਨ੍ਹਾਂ ’ਚੋਂ ਕਈਆਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਮਾਮਲੇ ਹੱਲ ਹੋ ਗਏ। ਕੁਝ ਨੂੰ ਰਾਹਤ ਮਿਲ ਗਈ ਅਤੇ ਬਾਕੀਆਂ ਦੇ ਮਾਮਲੇ ਅਜੇ ਅਦਾਲਤਾਂ ’ਚ ਅਟਕੇ ਪਏ ਹਨ।

ਇਨ੍ਹਾਂ 30 ਸਿਆਸਤਦਾਨਾਂ ’ਚੋਂ 10 ਕਾਂਗਰਸ ਦੇ, 4-4 ਐੱਨ. ਸੀ. ਪੀ. ਤੇ ਸ਼ਿਵ ਸੈਨਾ ਦੇ ; 3 ਤ੍ਰਿਣਮੂਲ ਦੇ ; 2 ਟੀ. ਡੀ. ਪੀ. ਦੇ ਅਤੇ ਇਕ-ਇਕ ਸਪਾ, ਵਾਈ.ਐੱਸ.ਆਰ.ਸੀ.ਪੀ. ਤੇ ਇਕ ਹੋਰ ਪਾਰਟੀ ਦਾ ਆਗੂ ਹੈ।

ਫਿਰ ਵੀ ਇਹ ਸਮਝਣਾ ਮੁਸ਼ਕਲ ਹੈ ਕਿ ਆਨੰਦ ਕੁਮਾਰ ਵਿਰੁੱਧ ਈ. ਡੀ. ਦੇ ਮਾਮਲੇ ਕਾਰਨ ਮਾਇਆਵਤੀ ਆਪਣੀ ਪਾਰਟੀ ਨੂੰ ਗੁੰਮਰਾਹ ਕਰ ਰਹੀ ਹੈ, ਦਲਿਤ ਵੋਟਰਾਂ ’ਚ ਪਾਰਟੀ ਦੇ ਪਤਨ ਨੂੰ ਰੋਕਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੀ ਤੇ ਜਾਣਬੁੱਝ ਕੇ ਵੋਟ ਬੈਂਕ ਨੂੰ ਭਾਜਪਾ ਦੇ ਹੱਥਾਂ ’ਚ ਜਾਣ ਦੇ ਰਹੀ ਹੈ?

ਜਲਦਬਾਜ਼ੀ ’ਚ ਕੱਢੇ ਜਾਣ ਅਤੇ ਵਾਪਸ ਲਏ ਜਾਣ ਦੀਆਂ ਲੜੀਵਾਰ ਘਟਨਾਵਾਂ ਨੇ ਇਹ ਪ੍ਰਭਾਵ ਪੈਦਾ ਕੀਤਾ ਹੈ ਕਿ ਉਹ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਉਤਸੁਕ ਨਹੀਂ ਹਨ। ਭਾਵੇਂ ਮਾਇਅਵਤੀ ਨੇ ਆਗੂਆਂ ਨੂੰ ਮੀਟਿੰਗਾਂ ’ਚ ਪੈਸੇ ਇਕੱਠੇ ਕਰਨ ਤੋਂ ਰੋਕ ਦਿੱਤਾ ਹੈ ਅਤੇ ਰਿਸ਼ਤੇਦਾਰਾਂ ਨੂੰ ਅਹੁਦੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਬਸਪਾ ਦਾ ਪਤਨ ਜਾਰੀ ਹੈ। ਉਹ ਹਾਸ਼ੀਏ ਵਾਲੀ ਖਿਡਾਰਨ ਕਿਉਂ ਬਣੀ ਰਹਿਣਾ ਚਾਹੁੰਦੀ ਹੈ? ਇਹ ਭੇਦ ਜਾਰੀ ਹੈ।


author

Rakesh

Content Editor

Related News