ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹ ਰਿਹਾ ਸੀ ਸਾਥੀ ਜਵਾਨ, ਬਚਾਉਂਦੇ ਸਮੇਂ ਸ਼ਹੀਦ ਹੋ ਗਿਆ ਲੈਫ਼ਟੀਨੈਂਟ
Saturday, May 24, 2025 - 11:42 AM (IST)

ਗੰਗਟੋਕ- ਉੱਤਰੀ ਸਿੱਕਮ 'ਚ 22 ਮਈ ਨੂੰ ਇਕ ਆਪਰੇਸ਼ਨਲ ਟਾਸਕ ਦੌਰਾਨ ਇਕ ਸਾਥੀ ਜਵਾਨ ਨੂੰ ਪਾਣੀ 'ਚ ਡੁੱਬਣ ਤੋਂ ਬਚਾਉਂਦੇ ਹੋਏ ਸਿੱਕਮ ਸਕਾਊਟਸ ਦੇ ਲੈਫਟੀਨੈਂਟ ਸ਼ਸ਼ਾਂਕ ਤਿਵਾੜੀ (23) ਸ਼ਹੀਦ ਹੋ ਗਏ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਰੱਖਿਆ ਬਿਆਨ 'ਚ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਸ਼ਹੀਦ ਲੈਫਟੀਨੈਂਟ ਸ਼ਸ਼ਾਂਕ ਨੂੰ 14 ਦਸੰਬਰ 2024 ਨੂੰ ਕਮਿਸ਼ਨ ਦਿੱਤਾ ਗਿਆ ਸੀ। ਉਹ ਸਿੱਕਮ 'ਚ ਇਕ ਟੈਕਟੀਕਲ ਓਪਰੇਟਿੰਗ ਬੇਸ (ਟੀਓਬੀ) ਵੱਲ ਇਕ ਰੂਟ ਓਪਨਿੰਗ ਪੈਟਰੋਲ ਦੀ ਅਗਵਾਈ ਕਰ ਰਹੇ ਸਨ। ਸਵੇਰੇ ਲਗਭਗ 11 ਵਜੇ ਗਸ਼ਤ ਟੀਮ ਦਾ ਮੈਂਬਰ ਅਗਨੀਵੀਰ ਸਟੀਫਨ ਸੁੱਬਾ ਇਕ ਲੱਕੜ ਦੇ ਪੁਲ ਨੂੰ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ। ਸ਼੍ਰੀ ਤਿਵਾੜੀ ਨੇ ਆਪਣੀ ਟੀਮ ਪ੍ਰਤੀ ਬੇਮਿਸਾਲ ਸਮਝਦਾਰੀ, ਨਿਰਸਵਾਰਥ ਅਗਵਾਈ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਬਿਨਾਂ ਕਿਸੇ ਝਿਜਕ ਦੇ ਅਗਨੀਵੀਰ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ ਜਦੋਂ ਕਿ ਇਕ ਹੋਰ ਸਿਪਾਹੀ, ਨਾਇਕ ਪੁਕਾਰ ਕਟੇਲ ਵੀ ਤੁਰੰਤ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਪਿੱਛੇ ਚਲਾ ਗਿਆ।
ਬਿਆਨ 'ਚ ਕਿਹਾ ਗਿਆ,''ਨਾਲ ਮਿਲ ਕੇ ਉਹ ਡੁੱਬਦੇ ਅਗਨੀਵੀਰ ਨੂੰ ਬਚਾਉਣ 'ਚ ਸਫ਼ਲ ਰਹੇ। ਹਾਲਾਂਕਿ ਲੈਫਟੀਨੈਂਟ ਤਿਵਾੜੀ ਤੇਜ਼ ਵਹਾਅ 'ਚ ਰੁੜ ਗਏ। ਗਸ਼ਤੀ ਦਲ ਵਲੋਂ ਅਥੱਕ ਕੋਸ਼ਿਸ਼ਾਂ ਦੇ ਬਾਵਜੂਦ ਉਸੇ ਦਿਨ ਸਵੇਰੇ 11.30 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ 800 ਮੀਟਰ ਹੇਠਾਂ ਵੱਲ ਬਰਾਮਦ ਕੀਤੀ ਗਈ।'' ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਇਕ ਬਹਾਦਰ ਅਤੇ ਜਾਂਬਾਜ਼ ਅਧਿਕਾਰੀ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦੀ ਹੈ, ਜਿਨ੍ਹਾਂ ਨੇ ਆਪਣੀ ਘੱਟ ਉਮਰ ਅਤੇ ਛੋਟੀ ਸੇਵਾ ਦੇ ਬਾਵਜੂਦ ਸਾਹਸ ਅਤੇ ਦੋਸਤੀ ਦੀ ਅਜਿਹੀ ਵਿਰਾਸਤ ਛੱਡੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਫ਼ੌਜੀਆਂ ਨੂੰ ਪ੍ਰੇਰਿਤ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e