ਰਾਜ ਸਭਾ ''ਚ ਗੂੰਜਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ : ਸਤਲੁਜ ''ਚ ਵਾਧੂ ਪਾਣੀ ਲਿਆਉਣ ਦੀ ਮੰਗ
Wednesday, Feb 11, 2026 - 04:21 PM (IST)
ਨਵੀਂ ਦਿੱਲੀ- ਰਾਜ ਸਭਾ 'ਚ ਬੁੱਧਵਾਰ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਪਾਣੀ ਦੀ ਕਿੱਲਤ ਦੂਰ ਕਰਨ ਵਾਸਤੇ ਇਕ ਅਹਿਮ ਮੰਗ ਚੁੱਕੀ ਗਈ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਘਨਸ਼ਿਆਮ ਤਿਵਾੜੀ ਨੇ ਜੰਮੂ-ਕਸ਼ਮੀਰ 'ਚ ਵਹਿਣ ਵਾਲੀਆਂ ਚੰਦਰਾ ਅਤੇ ਭਾਗਾ ਨਦੀਆਂ 'ਚ ਸੁਰੰਗ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ, ਇਸ ਸੁਰੰਗ ਦੇ ਬਣਨ ਨਾਲ ਇਨ੍ਹਾਂ ਨਦੀਆਂ ਦਾ ਪਾਣੀ ਸਤਲੁਜ ਨਦੀ 'ਚ ਆ ਸਕੇਗਾ, ਜਿਸ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਵੱਡੀ ਰਾਹਤ ਮਿਲੇਗੀ।
ਪੰਜਾਬ ਅਤੇ ਰਾਜਸਥਾਨ ਨੂੰ ਹੋਵੇਗਾ ਵੱਡਾ ਫਾਇਦਾ
ਸਦਨ 'ਚ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਤਿਵਾੜੀ ਨੇ ਕਿਹਾ ਕਿ ਜੇਕਰ ਚੰਦਰਾ ਅਤੇ ਭਾਗਾ ਨਦੀਆਂ ਦਾ ਪਾਣੀ ਸਤਲੁਜ 'ਚ ਮੋੜ ਦਿੱਤਾ ਜਾਂਦਾ ਹੈ, ਤਾਂ ਭਾਰਤ ਦੇ ਹਿੱਸੇ ਵਾਲੀਆਂ ਨਦੀਆਂ (ਰਾਵੀ, ਬਿਆਸ ਅਤੇ ਸਤਲੁਜ) 'ਚ ਪਾਣੀ ਦੀ ਮਾਤਰਾ 3 ਮਿਲੀਅਨ ਏਕੜ ਫੁੱਟ (MAF) ਤੱਕ ਵਧ ਜਾਵੇਗੀ। ਇਸ ਵਾਧੂ ਪਾਣੀ ਨਾਲ ਨਾ ਸਿਰਫ਼ ਪੰਜਾਬ ਅਤੇ ਹਰਿਆਣਾ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਸਗੋਂ ਰਾਜਸਥਾਨ ਦੇ ਬੇਹੱਦ ਸੁੱਕੇ ਇਲਾਕਿਆਂ ਜਿਵੇਂ ਸੀਕਰ, ਝੁੰਝਨੂ, ਚੁਰੂ ਅਤੇ ਨਾਗੌਰ ਨੂੰ ਵੀ ਵੱਡੀ ਮਦਦ ਮਿਲੇਗੀ।
ਸਿੰਧੂ ਜਲ ਸੰਧੀ 'ਤੇ ਉੱਠੇ ਸਵਾਲ
ਘਨਸ਼ਿਆਮ ਤਿਵਾੜੀ ਨੇ 1960 ਦੀ ਸਿੰਧੂ ਜਲ ਸੰਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਮਝੌਤੇ ਤਹਿਤ ਭਾਰਤ ਨੂੰ ਸਿਰਫ਼ 20 ਫੀਸਦੀ ਪਾਣੀ ਮਿਲਿਆ ਸੀ, ਜਦੋਂਕਿ ਪਾਕਿਸਤਾਨ ਨੂੰ ਚਿਨਾਬ, ਜੇਹਲਮ ਅਤੇ ਸਿੰਧੂ ਨਦੀਆਂ ਦਾ 80 ਫੀਸਦੀ ਪਾਣੀ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ 'ਚ ਵਰਤੋਂ ਤੋਂ ਬਾਅਦ ਵੀ 22 ਐੱਮ.ਏ.ਐੱਫ. ਪਾਣੀ ਬੇਕਾਰ ਹੋ ਕੇ ਸਮੁੰਦਰ 'ਚ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਇਸ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸਰਕਾਰ ਨੇ ਸੰਧੀ 'ਤੇ ਮੁੜ ਵਿਚਾਰ ਕਰਨ ਲਈ ਪਾਕਿਸਤਾਨ ਨੂੰ ਚਿੱਠੀਆਂ ਵੀ ਲਿਖੀਆਂ ਹਨ, ਪਰ ਗੁਆਂਢੀ ਦੇਸ਼ ਸਹਿਮਤ ਨਹੀਂ ਹੋ ਰਿਹਾ।
ਸਦਨ ਵਿੱਚ ਉੱਠੇ ਹੋਰ ਮੁੱਦੇ:
ਸੋਸ਼ਲ ਮੀਡੀਆ 'ਤੇ ਰੋਕ ਦੀ ਮੰਗ: ਭਾਜਪਾ ਮੈਂਬਰ ਬਾਬੂਭਾਈ ਜੇਸੰਗਭਾਈ ਦੇਸਾਈ ਨੇ ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਸਿਹਤ ਦੀ ਰਾਖੀ ਲਈ ਸੋਸ਼ਲ ਮੀਡੀਆ ਨੂੰ ਵਿਨਿਯਮਿਤ (Regulate) ਕਰਨ ਅਤੇ ਇਕ ਮਜ਼ਬੂਤ ਨਿਯਾਮਕ ਢਾਂਚਾ ਬਣਾਉਣ ਦੀ ਮੰਗ ਕੀਤੀ।
ਮੇਰਠ 'ਚ ਏਮਜ਼ (AIIMS): ਡਾ. ਲਕਸ਼ਮੀਕਾਂਤ ਵਾਜਪਾਈ ਨੇ ਉੱਤਰ ਪ੍ਰਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਮੇਰਠ ਵਿੱਚ ਏਮਜ਼ ਜਾਂ ਉਸ ਵਰਗਾ ਉੱਚ ਪੱਧਰੀ ਮੈਡੀਕਲ ਸੰਸਥਾਨ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਆਵਾਰਾ ਜਾਨਵਰਾਂ ਦਾ ਕਹਿਰ: ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ ਨੇ ਉੱਤਰ ਪ੍ਰਦੇਸ਼ 'ਚ ਕੁੱਤਿਆਂ ਅਤੇ ਬਾਂਦਰਾਂ ਦੇ ਹਮਲਿਆਂ ਕਾਰਨ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ।
ਦਰਭੰਗਾ ਹਵਾਈ ਅੱਡਾ: ਜੇਡੀਯੂ ਦੇ ਸੰਜੇ ਕੁਮਾਰ ਝਾਅ ਨੇ ਬਿਹਾਰ ਦੇ ਦਰਭੰਗਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਦੇਣ ਅਤੇ ਇਸ ਦੇ ਵਿਸਤਾਰ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
