ਪਾਣੀ ਦਾ ਸੰਕਟ; ਦੇਸ਼ ''ਚ ਝੀਲਾਂ ਦਾ ਪਾਣੀ ਦਾ ਪੱਧਰ ਡਿੱਗ ਕੇ 23 ਫ਼ੀਸਦੀ ਰਹਿ ਗਿਆ: CWC ਰਿਪੋਰਟ
Saturday, Jun 01, 2024 - 04:12 PM (IST)

ਨਵੀਂ ਦਿੱਲੀ- ਦੇਸ਼ 'ਚ ਭਿਆਨਕ ਗਰਮੀ ਦਰਮਿਆਨ 150 ਪ੍ਰਮੁੱਖ ਜਲ ਭੰਡਾਰ (ਝੀਲਾਂ) ਦੇ ਪਾਣੀ ਦੇ ਪੱਧਰ 'ਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਕੁੱਲ ਭੰਡਾਰਣ ਸਮਰੱਥਾ ਦਾ 23 ਫ਼ੀਸਦੀ ਰਹਿ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਪਾਣੀ ਦੇ ਪੱਧਰ ਦੇ ਮੁਕਾਬਲੇ ਮੌਜੂਦਾ ਪਾਣੀ ਦੇ ਪੱਧਰ 'ਚ 77 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਕੇਂਦਰੀ ਜਲ ਕਮਿਸ਼ਨ (CWC) ਵਲੋਂ ਜਾਰੀ ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। CWC ਦੇ ਅੰਕੜਿਆਂ ਮੁਤਾਬਕ ਝੀਲਾਂ ਦਾ ਮੌਜੂਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਪੱਧਰ ਦੇ ਸਿਰਫ਼ 77 ਫ਼ੀਸਦੀ ਅਤੇ ਆਮ ਪਾਣੀ ਦੇ ਪੱਧਰ ਦਾ 94 ਫ਼ੀਸਦੀ ਹੈ। ਕੇਂਦਰੀ ਜਲ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੀਆਂ 150 ਪ੍ਰਮੁੱਖ ਝੀਲਾਂ ਦੇ ਭੰਡਾਰਣ ਦੀ ਸਥਿਤੀ ਦਾ ਹਫ਼ਤੇਵਾਰੀ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਜਲ ਭੰਡਾਰਾਂ ਵਿਚ ਕੁੱਲ ਮੁਹੱਈਆ ਭੰਡਾਰਣ 41.705 ਅਰਬ ਘਣ ਮੀਟਰ (BCM) ਹੈ, ਜੋ ਇਨ੍ਹਾਂ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਣ ਸਮਰੱਥਾ ਦਾ 23 ਫ਼ੀਸਦੀ ਹੈ।
CWC ਵਲੋਂ ਨਿਗਰਾਨੀ ਕੀਤੇ ਜਾਣ ਵਾਲੇ 150 ਵੱਡੇ ਜਲ ਭੰਡਾਰਾਂ ਦੀ ਕੁੱਲ ਭੰਡਾਰਣ ਸਮਰੱਥਾ 178.784 BCM ਹੈ, ਜੋ ਕਿ ਕੁੱਲ ਭੰਡਾਰ ਦਾ ਲਗਭਗ 69.35 ਫ਼ੀਸਦੀ ਹੈ। ਦੇਸ਼ ਦੇ 150 ਜਲ ਭੰਡਾਰਾਂ 'ਚੋਂ 10 ਉੱਤਰੀ ਖੇਤਰਾਂ - ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ 'ਚ ਸਥਿਤ ਹਨ ਅਤੇ ਇਨ੍ਹਾਂ ਦੀ ਸਟੋਰੇਜ ਸਮਰੱਥਾ 19.663 BCM ਹੈ। CWC ਬੁਲੇਟਿਨ ਮੁਤਾਬਕ 16 ਮਈ ਤੋਂ 31 ਮਈ ਦੇ ਹਫ਼ਤੇ ਲਈ, ਇਹ ਘਟ ਕੇ 5.864 BCM (ਕੁੱਲ ਸਮਰੱਥਾ ਦਾ 30 ਪ੍ਰਤੀਸ਼ਤ) 'ਤੇ ਆ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਵਿਚ ਜਲ ਭੰਡਾਰਣ ਕੁੱਲ ਸਮਰੱਥਾ ਦਾ 38 ਫ਼ੀਸਦੀ ਸੀ। ਸਾਲ ਦੇ ਇਸ ਸਮੇਂ ਆਮ ਜਲ ਭੰਡਾਰਣ 31 ਫ਼ੀਸਦੀ ਹੁੰਦਾ ਹੈ। ਪੂਰਬੀ ਖੇਤਰ ਵਿਚ ਆਸਾਮ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ਵਿਚ ਕੁੱਲ 23 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਜਲ ਭੰਡਾਰਣ ਸਮਰੱਥਾ 20.430 BCM ਹੈ।
ਕਮਿਸ਼ਨ ਨੇ ਕਿਹਾ ਕਿ ਉਪਲੱਬਧ ਜਲ ਭੰਡਾਰਣ 5.645 BCM ਹੈ, ਜੋ ਕੁੱਲ ਸਮਰੱਥਾ ਦਾ 28 ਫ਼ੀਸਦੀ ਹੈ। ਪੱਛਮੀ ਖੇਤਰ- ਗੁਜਰਾਤ ਅਤੇ ਮਹਾਰਾਸ਼ਟਰ ਵਿਚ ਕੁੱਲ 49 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਭੰਡਾਰਣ ਸਮਰੱਥਾ 37.137 BCM ਹੈ। ਇਨ੍ਹਾਂ ਜਲ ਭੰਡਾਰਾਂ ਦਾ ਮੌਜੂਦਾ ਭੰਡਾਰਣ 8.833 BCM ਹੈ, ਜੋ ਕੁੱਲ ਸਮਰੱਥਾ ਦਾ 24 ਫ਼ੀਸਦੀ ਹੈ। ਇਹ ਪਿਛਲੇ ਸਾਲ ਦੇ ਫ਼ੀਸਦੀ ਤੋਂ ਘੱਟ ਹੈ ਪਰ ਆਮ ਭੰਡਾਰਣ 23 ਫ਼ੀਸਦੀ ਤੋਂ ਬਿਹਤਰ ਹੈ। ਮੱਧ ਖੇਤਰ- ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ 26 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 48.227 BCM ਹੈ। ਮੌਜੂਦਾ ਸਮੇਂ ਵਿਚ ਉਪਲੱਬਧ ਭੰਡਾਰਣ ਸਮਰੱਥਾ 14.046 BCM ਹੈ, ਜੋ ਕੁੱਲ ਸਮਰੱਥਾ ਦਾ 29.1 ਫ਼ੀਸਦੀ ਹੈ। ਪਿਛਲੇ ਸਾਲ ਭੰਡਾਰਣ ਸਮਰੱਥਾ 37 ਫ਼ੀਸਦੀ ਸੀ। ਇਨ੍ਹਾਂ ਜਲ ਭੰਡਾਰਾਂ ਦੀ ਆਮ ਭੰਡਾਰਣ ਸਮਰੱਥਾ 29.4 ਫ਼ੀਸਦੀ ਹੁੰਦੀ ਹੈ।