Fact Check : ਰੇਲ ਹਾਦਸੇ ਦਾ ਇਹ ਵੀਡੀਓ ਪ੍ਰਯਾਗਰਾਜ ਦਾ ਨਹੀਂ, ਬੰਗਲਾਦੇਸ਼ ਵਿੱਚ 2022 ਵਿੱਚ ਹੋਈ ਦੁਰਘਟਨਾ ਦਾ ਹੈ

Thursday, Feb 20, 2025 - 02:04 AM (IST)

Fact Check : ਰੇਲ ਹਾਦਸੇ ਦਾ ਇਹ ਵੀਡੀਓ ਪ੍ਰਯਾਗਰਾਜ ਦਾ ਨਹੀਂ, ਬੰਗਲਾਦੇਸ਼ ਵਿੱਚ 2022 ਵਿੱਚ ਹੋਈ ਦੁਰਘਟਨਾ ਦਾ ਹੈ

Fact Check by Vishvas News

ਨਵੀਂ ਦਿੱਲੀ (ਵਿਸ਼ਵਸ ਨਿਊਜ)। ਸੋਸ਼ਲ ਮੀਡੀਆ ‘ਤੇ ਰੇਲ ਹਾਦਸਿਆਂ ਨੂੰ ਲੈ ਕੇ ਕਈ ਫਰਜੀ ਅਤੇ ਗੁੰਮਰਾਹਕੁੰਨ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ। ਹੁਣ ਇਸ ਨਾਲ ਜੋੜਦੇ ਹੋਏ ਇੱਕ ਰੇਲਗੱਡੀ ਨੂੰ ਅੱਗ ਲੱਗਣ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿੱਚ ਟ੍ਰੇਨ ਨੂੰ ਅੱਗ ਦੀਆਂ ਲਪਟਾਂ ਵਿੱਚ ਦੇਖਿਆ ਜਾ ਸਕਦਾ ਹੈ, ਜਦੋਂ ਕਿ ਕੁਝ ਲੋਕ ਦੂਰ ਖੜ੍ਹੇ ਇਸ ਦ੍ਰਿਸ਼ ਨੂੰ ਦੇਖ ਰਹੇ ਹਨ। ਕੁਝ ਯੂਜ਼ਰ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਹੋਏ ਰੇਲ ਹਾਦਸੇ ਵਿੱਚ 300 ਲੋਕਾਂ ਦੀ ਮੌਤ ਹੋ ਗਈ। ਲੋਕ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪ੍ਰਯਾਗਰਾਜ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲ ਵਿੱਚ 2022 ਵਿੱਚ ਬੰਗਲਾਦੇਸ਼ ਵਿੱਚ ਹੋਏ ਇੱਕ ਰੇਲ ਹਾਦਸੇ ਦਾ ਹੈ। ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਪ੍ਰਯਾਗਰਾਜ ਦੇ ਨਾਮ ‘ਤੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਜਤਿਨ ਸ਼ਰਮਾ ਨੇ 14 ਫਰਵਰੀ 2025 ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “14 ਤਰੀਕ ਨੂੰ ਇਲਾਹਾਬਾਦ ਵਿੱਚ ਇੱਕ ਵੱਡਾ ਹਾਦਸਾ ਹੋਇਆ।”

ਵੀਡੀਓ ‘ਤੇ ਲਿਖਿਆ ਹੈ: ਹਾਦਸਾ ਹੋਇਯਤਾ ਇਲਾਹਾਬਾਦ ਵਿੱਚ। 300 ਲੋਕਾਂ ਦੀ ਮੌਤ, ਪੂਰੀ ਰੇਲਗੱਡੀ ਸੜ ਗਈ।

PunjabKesari

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਕੱਢੇ ਅਤੇ ਗੂਗਲ ਲੈਂਸ ਨਾਲ ਸਰਚ ਕੀਤਾ। ਸਾਨੂੰ ATN News ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਮਿਲੀ। ਇਹ ਵੀਡੀਓ 11 ਜੂਨ 2022 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਟ੍ਰੇਨ ਵਿੱਚ ਅੱਗ ਲੱਗਣ ਦਾ ਇਹ ਵੀਡੀਓ ਢਾਕਾ-ਸਿਲਹਟ ਲਾਈਨ ‘ਤੇ ਮੌਲਵੀਬਾਜ਼ਾਰ ਦੇ ਸ਼ਮਸ਼ੇਰ ਨਗਰ ‘ਚ ਪਰਬਤ ਐਕਸਪ੍ਰੈਸ ਟ੍ਰੇਨ ਦਾ ਹੈ।

ਸਰਚ ਦੌਰਾਨ ਸਾਨੂੰ ਵੈੱਬਸਾਈਟ prothomalo.com ‘ ਤੇ ਵਾਇਰਲ ਵੀਡੀਓ ਨਾਲ ਸਬੰਧਤ ਰਿਪੋਰਟ ਮਿਲੀ । 11 ਜੂਨ 2022 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਵਾਇਰਲ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, “ਢਾਕਾ ਤੋਂ ਰਵਾਨਾ ਹੋਈ ਪਰਬਤ ਐਕਸਪ੍ਰੈਸ ਟ੍ਰੇਨ ਦੇ ਮੌਲਵੀਬਾਜ਼ਾਰ ਦੇ ਸ਼ਮਸ਼ੇਰ ਨਗਰ ਖੇਤਰ ਪਹੁੰਚਣ ਤੋਂ ਬਾਅਦ ਕੋਚ ਵਿੱਚ ਅੱਗ ਲੱਗ ਗਈ ਸੀ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਅੱਗ ਦੋ ਹੋਰ ਕੋਚਾਂ ਵਿੱਚ ਫੈਲ ਗਈ। ਇਸ ਕਾਰਨ, ਸਿਲਹਟ ਆਣ-ਜਾਣ ਵਾਲੀਆਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਅੱਗ ‘ਤੇ ਕਾਬੂ ਪਾਇਆ ਗਿਆ।”

PunjabKesari

ਸਰਚ ਦੌਰਾਨ ਵਾਇਰਲ ਵੀਡੀਓ ਨਾਲ ਜੁੜੀ ਇੱਕ ਪੋਸਟ ਢਾਕਾ ਦੇ ਪੱਤਰਕਾਰ ਡੇਲਵਰ ਹੁਸੈਨ ਦੁਆਰਾ ਸ਼ੇਅਰ ਕੀਤੀ ਹੋਈ ਮਿਲੀ। ਡੇਲਵਰ ਹੁਸੈਨ ਨੇ 24 ਜਨਵਰੀ 2025 ਨੂੰ ਕੀਤੀ ਪੋਸਟ ਵਿੱਚ ਦੱਸਿਆ ਕਿ ਇਹ ਵੀਡੀਓ 2022 ਵਿੱਚ ਹੋਈ ਪਰਬਤ ਐਕਸਪ੍ਰੈਸ ਰੇਲ ਹਾਦਸੇ ਦਾ ਹੈ। ਕੁਝ ਲੋਕ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।

ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਬਹੁਤ ਸਾਰੀਆਂ ਖ਼ਬਰਾਂ ਮਿਲੀਆਂ, ਜੋ ਕਿ ਸਾਲ 2022 ਵਿੱਚ ਪ੍ਰਕਾਸ਼ਿਤ ਹੋਈਆਂ ਸਨ।

ਪ੍ਰਯਾਗਰਾਜ (ਇਲਾਹਾਬਾਦ) ਵਿੱਚ ਹਾਲ ਹੀ ਵਿੱਚ ਹੋਏ ਰੇਲ ਹਾਦਸੇ ਵਿੱਚ 300 ਲੋਕਾਂ ਦੇ ਮਰਨ ਦੇ ਦਾਅਵੇ ਨਾਲ ਸਬੰਧਤ ਕੋਈ ਰਿਪੋਰਟ ਸਾਨੂੰ ਸਰਚ ਵਿੱਚ ਨਹੀਂ ਮਿਲੀ। ਇਸ ਬਾਰੇ ਅਸੀਂ ਬੰਗਲਾਦੇਸ਼ ਦੇ ਫੈਕਟ ਚੈੱਕਰ ਤਨਵੀਰ ਮਹਿਤਾਬ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਵਾਇਰਲ ਵੀਡੀਓ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਬੰਗਲਾਦੇਸ਼ ਦਾ ਹੈ। ਇਹ ਹਾਦਸਾ ਸਾਲ 2022 ਵਿੱਚ ਵਾਪਰਿਆ ਸੀ।

ਅੰਤ ਵਿੱਚ, ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਰਾਏਬਰੇਲੀ ਦਾ ਰਹਿਣ ਵਾਲਾ ਹੈ।

ਨਤੀਜਾ: ਪ੍ਰਯਾਗਰਾਜ (ਇਲਾਹਾਬਾਦ) ਵਿੱਚ ਹਾਲ ਹੀ ਵਿੱਚ ਹੋਏ ਰੇਲ ਹਾਦਸੇ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲ ਵਿੱਚ ਬੰਗਲਾਦੇਸ਼ ਦਾ ਹੈ। ਸਾਲ 2022 ਵਿੱਚ ਮੌਲਵੀਬਾਜ਼ਾਰ ਵਿੱਚ ਪਰਬਤ ਐਕਸਪ੍ਰੈਸ ਵਿੱਚ ਲੱਗੀ ਅੱਗ ਦੀ ਇੱਕ ਪੁਰਾਣੀ ਵੀਡੀਓ ਨੂੰ ਹੁਣ ਪ੍ਰਯਾਗਰਾਜ ਦੇ ਨਾਮ ਤੋਂ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।


author

Inder Prajapati

Content Editor

Related News