ਚੀਨ ਨੇ 1000 ਟਨ ਦਾ ਸੋਨੇ ਦਾ ਭੰਡਾਰ ਲੱਭਿਆ
Saturday, Nov 15, 2025 - 10:15 PM (IST)
ਬੀਜਿੰਗ– ਚੀਨ ਨੇ ਸ਼ਿਨਜਿਆਂਗ ਦੇ ਕੁਨਲੁਨ ਪਹਾੜਾਂ ’ਚ ਸੋਨੇ ਦਾ ਵਿਸ਼ਾਲ ਭੰਡਾਰ ਲੱਭਿਆ ਹੈ। ਇਸ ਸਰਵੇਖਣ ਵਿਚ ਸ਼ਾਮਲ ਭੂ-ਵਿਗਿਆਨੀਆਂ ਅਨੁਸਾਰ ਸ਼ੁਰੂਆਤੀ ਅਨੁਮਾਨ ਦੱਸਦੇ ਹਨ ਕਿ ਇੱਥੇ ਕੁਲ ਸੋਨੇ ਦਾ ਭੰਡਾਰ 1,000 ਟਨ ਤੋਂ ਵੀ ਵੱਧ ਹੋ ਸਕਦਾ ਹੈ।
‘ਸਾਊਥ ਚਾਈਨਾ ਮਾਰਨਿੰਗ ਪੋਸਟ’ ਮੁਤਾਬਕ ਇਕ ਸਾਲ ਵਿਚ ਇਹ ਤੀਜੀ ਵਾਰ ਹੈ ਜਦੋਂ ਚੀਨ ਨੂੰ 1000 ਟਨ ਤੋਂ ਵੱਧ ਦਾ ਸੋਨੇ ਦਾ ਭੰਡਾਰ ਮਿਲਿਆ ਹੈ। ਇਸ ਤੋਂ ਪਹਿਲਾਂ ਅਜਿਹੇ 2 ਵੱਡੇ ਭੰਡਾਰ ਲਿਆਓਨਿੰਗ ਤੇ ਹੁਨਾਨ ’ਚ ਮਿਲੇ ਸਨ। ਦੁਨੀਆ ਵਿਚ ਸਿਰਫ 5 ਸੋਨੇ ਦੇ ਭੰਡਾਰ ਅਜਿਹੇ ਹਨ ਜੋ 1000 ਟਨ ਤੋਂ ਜ਼ਿਆਦਾ ਵੱਡੇ ਹਨ। ਇਸ ਲਈ ਇਸ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ ਲੱਗਭਗ 1164 ਲੱਖ ਕਰੋੜ ਭਾਰਤੀ ਰੁਪਏ ਹੋਵੇਗੀ। ਇਸ ਤੋਂ ਪਹਿਲਾਂ ਵਿਗਿਆਨੀਆਂ ਦਾ ਅਨੁਮਾਨ ਸੀ ਕਿ ਹੁਣ ਸਿਰਫ 3,000 ਟਨ ਸੋਨਾ ਹੀ ਜ਼ਮੀਨ ਹੇਠਾਂ ਬਚਿਆ ਹੈ ਪਰ ਲਗਾਤਾਰ 3 ਨਵੀਆਂ ਖੋਜਾਂ ਨਾਲ ਇਹ ਅਨੁਮਾਨ ਗਲਤ ਸਾਬਤ ਹੋਏ ਹਨ।
ਹੁਣ ਮੰਨਿਆ ਜਾ ਰਿਹਾ ਹੈ ਕਿ ਚੀਨ ਵਿਚ ਸੋਨੇ ਦੇ ਭੰਡਾਰ ਹੋਰ ਵੀ ਜ਼ਿਆਦਾ ਹੋ ਸਕਦੇ ਹਨ। ਚੀਨੀ ਵਿਗਿਆਨੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਦੁਨੀਆ ਦੀ ਸਭ ਤੋਂ ਤਾਕਤਵਰ ਗਰਾਊਂਡ-ਪੈਨੇਟ੍ਰੇਟਿੰਗ ਰਾਡਾਰ ਤਕਨੀਕ ਤੇ ਬੇਹੱਦ ਸੰਵੇਦਨਸ਼ੀਲ ਖਣਿਜ ਲੱਭਣ ਵਾਲੇ ਸੈਟੇਲਾਈਟ ਵਿਕਸਿਤ ਕੀਤੇ ਹਨ।
