ਦੇਸ਼ ਭਰ ਵਿੱਚ ਲੱਗ ਸਕਦੀ ਐਮਰਜੈਂਸੀ ! ਇਮਰਾਨ ਖਾਨ ਦੀ ਮੌਤ ਦੀਆਂ ਖਬਰਾਂ ਵਿਚਾਲੇ ਸੱਦੀ ਗਈ ਹਾਈ ਲੈਵਲ ਬੈਠਕ
Thursday, Nov 27, 2025 - 05:10 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ 'ਚ ਮੌਤ ਦੀਆਂ ਖ਼ਬਰਾਂ ਉਡ ਰਹੀਆਂ ਹਨ, ਉੱਥੇ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਜਿਊਂਦੇ ਹੋਣ ਅਤੇ ਜੇਲ੍ਹ 'ਚ ਹਰ ਇਕ ਸਹੂਲਤ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਮਰਾਨ ਦੇ ਜਿਊਂਦੇ ਹੋਣ ਨੂੰ ਲੈ ਕੇ ਸਸਪੈਂਸ ਹੋਰ ਵੀ ਡੂੰਘਾ ਹੋ ਗਿਆ ਹੈ।
ਪਿਛਲੇ ਤਿੰਨ ਹਫ਼ਤਿਆਂ ਤੋਂ ਖਾਨ ਬਾਰੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਕੋਈ ਖ਼ਬਰ ਨਹੀਂ ਦਿੱਤੀ ਗਈ, ਜਿਸ ਮਗਰੋਂ ਪਾਕਿਸਤਾਨੀ ਸੋਸ਼ਲ ਮੀਡੀਆ ਅਤੇ ਇੱਥੋਂ ਤੱਕ ਕਿ ਜਾਪਾਨੀ ਮੀਡੀਆ ਵਿੱਚ ਵੀ ਇਮਰਾਨ ਖਾਨ ਦੀ ਜੇਲ੍ਹ ਵਿੱਚ ਮੌਤ ਹੋਣ ਦੀਆਂ ਅਫਵਾਹਾਂ ਅੱਗ ਵਾਂਗ ਫੈਲ ਰਹੀਆਂ ਹਨ।
ਇਨ੍ਹਾਂ ਵਧਦੀਆਂ ਅਫਵਾਹਾਂ ਦੇ ਵਿਚਕਾਰ ਵੀਰਵਾਰ ਨੂੰ ਖੈਬਰ ਪਖਤੂਨਖਵਾ (KPK) ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ, ਜੋ ਕਿ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦੇ ਇਕਲੌਤੇ ਮੁੱਖ ਮੰਤਰੀ ਹਨ, ਨੂੰ ਵੀ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਗਿਆ। ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਬਾਹਰ ਹੀ ਧਰਨੇ 'ਤੇ ਬੈਠ ਗਏ ਹਨ।
ਇਸ ਦੌਰਾਨ ਪਾਕਿਸਤਾਨ ਨੇ ਨੈਸ਼ਨਲ ਅਸੈਂਬਲੀ ਦੀ ਇੱਕ ਐਮਰਜੈਂਸੀ ਬੈਠਕ ਬੁਲਾਈ ਹੈ, ਜਿਸ ਕਾਰਨ ਦੇਸ਼ ਵਿੱਚ ਕਿਸੇ ਵੱਡੀ ਅਣਹੋਣੀ ਦੀ ਆਸ਼ੰਕਾ ਪੈਦਾ ਹੋ ਗਈ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਲੱਗ ਸਕਦੀ ਹੈ।
ਇਮਰਾਨ ਖਾਨ ਦਾ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ਪੀ.ਟੀ.ਆਈ. ਦੇ ਵਰਕਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਪਾਕਿਸਤਾਨੀ ਆਰਮੀ ਚੀਫ਼ ਅਸੀਮ ਮੁਨੀਰ 'ਤੇ ਇਮਰਾਨ ਖਾਨ ਦਾ ਜੇਲ੍ਹ ਵਿੱਚ ਹੀ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾ ਰਹੇ ਹਨ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ, ਪਿਛਲੇ ਕਈ ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਮਰਾਨ ਸਮਰਥਕ ਅਦਿਆਲਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਹ ਪ੍ਰਦਰਸ਼ਨ ਹੌਲੀ-ਹੌਲੀ ਹੋਰ ਸ਼ਹਿਰਾਂ ਵਿੱਚ ਵੀ ਫੈਲਦੇ ਜਾ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਇਸ ਐਮਰਜੈਂਸੀ ਬੈਠਕ 'ਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
