ਤੂੰਬੀ ਨਾਲ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਭਾਈ ਰਸ਼ਪਾਲ ਸਿੰਘ ਦਾ ਇਟਲੀ 'ਚ ਦੇਹਾਂਤ
Tuesday, Nov 18, 2025 - 08:17 AM (IST)
ਨੋਵੇਲਾਰਾ (ਕੈਂਥ) : 'ਮਾਵਾਂ ਪਿੱਪਲਾਂ ਤੋਂ ਠੰਡੀਆਂ ਛਾਵਾਂ'.... ਜਦੋਂ ਇਹ ਬੋਲ ਤੂੰਬੀ ਦੀ ਧੁੰਨ ਨਾਲ ਭਾਈ ਰਸ਼ਪਾਲ ਸਿੰਘ ਬੋਲਦੇ ਤਾਂ ਜਾਣੋ ਸਮਾਂ ਹੀ ਖੜ੍ਹ ਜਾਂਦਾ ਸੀ। ਉਹ ਤੂੰਬੀ ਅਤੇ ਆਪਣੀ ਮਧੁਰ ਆਵਾਜ਼ ਨਾਲ ਸਰੋਤਿਆਂ ਨੂੰ ਧੁਰ ਅੰਦਰ ਤੱਕ ਬੰਨ੍ਹ ਦਿੰਦੇ ਸਨ ਪਰ ਅਫ਼ਸੋਸ ਹੁਣ ਸਿੱਖ ਸੰਗਤਾਂ ਨੂੰ ਨਾ ਇਹ ਆਵਾਜ਼ ਸੁਣੇਗੀ ਅਤੇ ਨਾਂ ਹੀ ਤੂੰਬੀ ਦੀ ਧੁੰਨ। ਕਿਉਂਕਿ ਭਾਈ ਰਸ਼ਪਾਲ ਸਿੰਘ ਬੀਤੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਨਮਿਤ ਅੰਤਿਮ ਅਰਦਾਸ ਇਮੀਲੀਆ ਰੋਮਾਨਾ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ਵਿਖੇ ਕੀਤੀ ਗਈ। ਇਸ ਵਿੱਚ ਸਮੁੱਚੀ ਸਿੱਖ ਸੰਗਤਾਂ ਨੇ ਭਾਈ ਰਸ਼ਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਹ ਵੀ ਪੜ੍ਹੋ : ਇਟਲੀ 'ਚ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ, ਰੰਗ 'ਚ ਰੰਗਿਆ ਗਿਆ ਪੂਰਾ ਆਲਮ
ਭਾਈ ਰਸ਼ਪਾਲ ਸਿੰਘ, ਜਿਹਨਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਦੀ ਸਥਾਪਨਾ ਵਿੱਚ ਵੀ ਸੇਵਾ ਨਿਭਾਈ, ਨਵਾਂਸ਼ਹਿਰ ਦੇ ਪਿੰਡ ਸੋਨਾ (ਸ਼ਹੀਦ ਭਗਤ ਸਿੰਘ ਨਗਰ) ਨਾਲ ਸਬੰਧਤ ਸਨ। 1980 ਦੇ ਦਹਾਕੇ ਵਿੱਚ ਉਹ ਇੱਥੇ ਆਏ। ਪਹਿਲਾਂ ਉਹਨਾਂ ਇਰਾਕ, ਜਰਮਨ ਅਤੇ ਫਰਾਂਸ ਵਿੱਚ ਵੀ ਕੰਮ ਕੀਤਾ ਪਰ ਜਦੋਂ ਉਹ ਇਟਲੀ ਆ ਗਏ ਤਾਂ ਫਿਰ ਪਿੱਛਾ ਮੁੜ ਨਹੀੰ ਦੇਖਿਆ। ਦ੍ਰਿੜ੍ਹ ਇਰਾਦੇ ਅਤੇ ਸਖ਼ਤ ਮਿਹਨਤ ਮੁਸ਼ੱਕਤ ਨਾਲ ਜਿੱਥੇ ਉਹਨਾਂ ਆਪਣੇ ਆਪ ਨੂੰ ਸਥਾਪਿਤ ਕੀਤਾ, ਉੱਥੇ ਉਹਨਾਂ ਗੁਰਬਾਣੀ ਅਤੇ ਗੁਰਘਰ ਪ੍ਰਤੀ ਸ਼ਰਧਾ ਨੂੰ ਰਤਾ ਵੀ ਘੱਟਣ ਨਹੀਂ ਦਿੱਤਾ। ਤੂੰਬੀ ਦੀ ਧੁੰਨ ਨਾਲ ਉਹਨਾਂ ਧੁਰ ਕੀ ਬਾਣੀ ਦੇ ਅਜਿਹੇ ਰਾਗ ਅਲਾਪਣੇ ਕਿ ਸੰਗਤਾਂ ਭਗਤੀ ਰਸ ਵਿੱਚ ਰਮ ਜਾਂਦੀਆਂ ਸਨ। ਭਾਈ ਰਸ਼ਪਾਲ ਸਿੰਘ ਹੁਰਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਸਿੱਖ ਸਮਾਜ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
