ਟੈਕਸਾਸ ਦੇ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ ਨੇ ਪੁਲਸ ''ਤੇ ਨਸਲੀ ਵਿਤਕਰਾ ਕਰਨ ਦਾ ਲਾਇਆ ਦੋਸ਼

Thursday, Nov 20, 2025 - 06:44 AM (IST)

ਟੈਕਸਾਸ ਦੇ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ ਨੇ ਪੁਲਸ ''ਤੇ ਨਸਲੀ ਵਿਤਕਰਾ ਕਰਨ ਦਾ ਲਾਇਆ ਦੋਸ਼

ਕੈਲਰ (ਟੈਕਸਾਸ) (ਗੁਰਿੰਦਰਜੀਤ ਨੀਟਾ ਮਾਛੀਕੇ) : ਡੈਲਸ, ਟੈਕਸਾਸ ਦੇ ਨੇੜਲੇ ਸ਼ਹਿਰ ਕੈਲਰ ਵਿੱਚ ਸਥਾਨਕ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ (ਜੋਗਾ ਸੰਧੂ) ਨਾਲ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਪਿਛਲੇ ਦਿਨੀਂ ਕੈਲਰ ਪੁਲਸ ਨੇ ਉਹਨਾਂ ਨੂੰ ਡਰੰਕ ਡ੍ਰਾਈਵਿੰਗ ਦੇ ਚਾਰਜ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਸੀ। ਜਗਬਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਇਹ ਗ੍ਰਿਫ਼ਤਾਰੀ ਬਿਲਕੁਲ ਗਲਤ, ਨਾਇਨਸਾਫ਼ੀ ਅਤੇ ਨਸਲੀ ਵਿਤਕਰੇ ਦੇ ਆਧਾਰ 'ਤੇ ਕੀਤੀ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ‘ਚ ਕਦੇ ਸ਼ਰਾਬ ਨਹੀਂ ਪੀਤੀ ਅਤੇ ਨਾ ਹੀ ਉਹ ਕਿਸੇ ਨਸ਼ੇ ਨਾਲ ਸਬੰਧਤ ਹਨ। ਜਗਬਿੰਦਰ ਸਿੰਘ ਸੰਧੂ ਨੇ ਦੱਸਿਆ, ''ਮੇਰੇ ਨਾਂ ਵਿਚ ‘ਸਿੰਘ’ ਹੋਣ ਕਰਕੇ ਮੈਨੂੰ ਬੇਵਜ੍ਹਾ ਟਾਰਗੇਟ ਕੀਤਾ ਗਿਆ। ਮੈਂ ਇੱਕ ਪਾਰਟੀ ਤੋਂ ਘਰ ਵਾਪਸ ਆ ਰਹਿਆ ਸੀ ਕਿ ਤਕਰੀਬਨ 2 ਵਜੇ ਰਾਤ ਨੂੰ ਮੈਨੂੰ ਪੁਲਸ ਨੇ ਰੋਕ ਲਿਆ। ਬਾਵਜੂਦ ਇਸਦੇ ਕਿ ਮੈਂ ਬਿਲਕੁਲ ਨਾਰਮਲ ਸੀ, ਮੈਨੂੰ ਜ਼ਬਰਦਸਤੀ ਗੱਡੀ ਤੋਂ ਬਾਹਰ ਕੱਢਿਆ ਗਿਆ ਅਤੇ ਬਿਨਾਂ ਕੋਈ ਕਾਰਨ ਦੱਸੇ ਗ੍ਰਿਫ਼ਤਾਰ ਕਰ ਲਿਆ।” 

ਇਹ ਵੀ ਪੜ੍ਹੋ : ਬੇਕਰਸਫੀਲਡ 'ਚ ਹਾਈਵੇਅ ਪੈਟਰੋਲਿੰਗ ਅਫਸਰ ਹਰਦੀਪ ਧਾਲੀਵਾਲ ਨੇ ਟਰੱਕਿੰਗ ਸਬੰਧੀ ਪੰਜਾਬੀਆਂ ਨੂੰ ਕੀਤਾ ਜਾਗਰੂਕ

ਉਹਨਾਂ ਅੱਗੇ ਕਿਹਾ ਕਿ ਪੁਲਸ ਨੇ ਉਨ੍ਹਾਂ ਨਾਲ ਸਖ਼ਤ ਵਰਤਾਓ ਕੀਤਾ ਅਤੇ ਬ੍ਰਿਥ ਐਨਾਲਾਈਜ਼ਰ ਟੈਸਟ ਦੀ ਮੰਗ ਕੀਤੀ, ਜਦੋਂਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਸ਼ਰਾਬ ਪੀਂਦੇ ਹੀ ਨਹੀਂ। ਫਿਰ ਵੀ ਬਿਨਾਂ ਕਿਸੇ ਸਪੱਸ਼ਟ ਸਬੂਤ ਦੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ। ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ। ਉਹਨਾਂ ਕਿਹਾ ਕਿਹਾ ਮੇਰੀ ਮੈਡੀਕਲ ਰਿਪੋਰਟ ਦੁੱਧੋਂ ਪਾਣੀ ਛਾਣ ਦੇਵੇਗੀ। ਉਹਨਾਂ ਕਿਹਾ ਕਿ ਮੈਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸਿਟੀਜ਼ਨ ਹੋ…? ਕੀ ਤੁਸੀਂ ਟਰੱਕਿੰਗ ਨਾਲ ਰਿਲੇਟਿਡ ਹੋ। ਸਥਾਨਕ ਪੰਜਾਬੀ ਕਮਿਊਨਟੀ ਦੇ ਨੁਮਾਇੰਦਿਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਵਾਲੇ ਮਾਮਲੇ ਵੱਧ ਰਹੇ ਹਨ, ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਜਗਬਿੰਦਰ ਸਿੰਘ ਨੂੰ ਇਨਸਾਫ਼ ਮਿਲੇ ਅਤੇ ਪੁਲਸ ਵਿਭਾਗ ਦੁਆਰਾ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇ। ਜਗਬਿੰਦਰ ਸਿੰਘ ਸੰਧੂ ਨੇ ਅੰਤ ਵਿੱਚ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ ਤਾਂ ਕਿ ਅਜਿਹੀ ਨਾਇਨਸਾਫ਼ੀ ਕਿਸੇ ਹੋਰ ਨਾਲ ਨਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News