''ਮੈਨੂੰ ਮੁਆਫ ਕਰ ਦੇਣਾ..., ਮੈਂ ਗਲਤ ਕਦਮ ਚੁੱਕ ਰਹੀ ਹਾਂ'', ਵੀਡੀਓ ਬਣਾ ਕੇ ਕੁੜੀ ਨੇ ਚੁੱਕ ਲਿਆ ਖੌਫਨਾਕ ਕਦਮ
Monday, Dec 16, 2024 - 09:34 PM (IST)
ਵੈੱਬ ਡੈਸਕ : ਗੁਜਰਾਤ ਦੇ ਪਾਲਨਪੁਰ ਦੇ ਤਾਜਪੁਰਾ ਇਲਾਕੇ 'ਚ 27 ਸਾਲਾ ਲੜਕੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਾਧਾ ਵਜੋਂ ਹੋਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਈਲ 'ਤੇ ਦੋ ਵੀਡੀਓ ਅਤੇ ਕੁਝ ਰਿਕਾਰਡਿੰਗਜ਼ ਬਣਾਈਆਂ। ਇਨ੍ਹਾਂ 'ਚ ਉਸ ਨੇ ਆਪਣੇ ਪ੍ਰੇਮੀ ਨੂੰ ਸੰਬੋਧਿਤ ਕਰਦੇ ਹੋਏ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਹਮੇਸ਼ਾ ਖੁਸ਼ ਰਹੇ।
ਰਾਧਾ ਨੇ ਆਪਣੇ ਵੀਡੀਓ 'ਚ ਕਿਹਾ ਕਿ ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਦੱਸੇ ਬਿਨਾਂ ਇਹ ਕਦਮ ਚੁੱਕ ਰਹੀ ਹਾਂ। ਤੁਸੀਂ ਹਮੇਸ਼ਾ ਖੁਸ਼ ਰਹੋ ਅਤੇ ਸ਼ਾਂਤੀ ਨਾਲ ਵਿਆਹ ਕਰ ਲੈਣਾ। ਤੁਸੀਂ ਖੁਸ਼ ਰਹੋਗੇ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ। ਜੇਕਰ ਤੁਸੀਂ ਦੁਖੀ ਹੋਏ ਤਾਂ ਮੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ। ਮੈਂ ਘਰ ਅਤੇ ਮੁਸੀਬਤਾਂ ਤੋਂ ਥੱਕ ਗਈ ਹਾਂ।
ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ
ਰਾਧਾ ਅਤੇ ਉਸਦੀ ਭੈਣ ਪਾਲਨਪੁਰ ਵਿੱਚ ਇਕੱਲੀਆਂ ਰਹਿੰਦੀਆਂ ਸਨ ਅਤੇ ਇੱਕ ਬਿਊਟੀ ਪਾਰਲਰ ਚਲਾਉਂਦੀਆਂ ਸਨ। ਸੋਮਵਾਰ ਸਵੇਰੇ ਰਾਧਾ ਆਪਣੇ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ। ਜਦੋਂ ਭੈਣ ਨੇ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਜਾਂਚ ਕੀਤੀ ਸ਼ੁਰੂ
ਜਾਂਚ ਦੌਰਾਨ ਪੁਲਸ ਨੂੰ ਲੜਕੀ ਦੇ ਮੋਬਾਈਲ ਤੋਂ ਦੋ ਵੀਡੀਓ ਅਤੇ ਇੱਕ ਸੁਸਾਈਡ ਨੋਟ ਮਿਲਿਆ ਹੈ। ਪਹਿਲੀ ਵੀਡੀਓ 57 ਸੈਕਿੰਡ ਦੀ ਅਤੇ ਦੂਜੀ 114 ਸੈਕਿੰਡ ਦੀ ਹੈ। ਪੁਲਸ ਮੁਤਾਬਕ ਵੀਡੀਓ 'ਚ ਲੜਕੀ ਨੇ ਆਪਣੇ ਬੁਆਏਫ੍ਰੈਂਡ ਖਿਲਾਫ ਕੁਝ ਨਹੀਂ ਕਿਹਾ ਹੈ। ਪਾਲਪੁਰ ਵੈਸਟ ਪੁਲਸ ਨੇ ਦੱਸਿਆ ਕਿ ਇਸ ਸਬੰਧੀ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਭੈਣ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।